ਖੇਤਰੀ ਪ੍ਰਤੀਨਿਧ
ਧੂਰੀ, 22 ਅਪਰੈਲ
ਸ਼ਹਿਰ ਦੀਆਂ ਕਰੀਬ ਤਿੰਨ ਦਰਜਨ ਟਰੇਡ ਐਸੋਸੀਏਸ਼ਨਾਂ ’ਤੇ ਆਧਾਰਿਤ ਧੂਰੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਦੀ ਕੱਲ੍ਹ ਦੇਰ ਸ਼ਾਮ ਚੋਣ ਹੋਈ ਜਿਸ ਵਿੱਚ ਵਿਕਾਸ ਜੈਨ ਨੂੰ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਚੋਣ ਮੀਟਿੰਗ ਦਾ ਆਗ਼ਾਜ਼ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਕਰਦਿਆਂ ਪਿਛਲੇ ਸਾਲਾਂ ਦਾ ਲੇਖਾ-ਜੋਖਾ ਪੇਸ਼ ਕੀਤਾ। ਪ੍ਰਧਾਨ ਵਿਕਾਸ ਜੈਨ ਨੇ ਜਨਰਲ ਬਾਡੀ ਨੂੰ ਭੰਗ ਕਰਦਿਆਂ ਚੋਣ ਕਰਵਾਉਣ ਦੇ ਅਧਿਕਾਰ ਚੇਅਰਮੈਨ ਪਵਨ ਗਰਗ, ਉੱਪ ਚੇਅਰਮੈਨ ਜਗਤਾਰ ਸਿੰਘ ਸਮਰਾ, ਸਰਪ੍ਰਸਤ ਵੇਦ ਪ੍ਰਕਾਸ਼ ਅਤੇ ਉੱਪ ਚੇਅਰਮੈਨ ਦਰਸ਼ਨ ਸਿੰਘ ਸਦਿਉੜਾ ਨੂੰ ਸੌਂਪੇ। ਵਪਾਰੀ ਆਗੂ ਨਰੇਸ਼ ਕੁਮਾਰ ਮੰਗੀ ਨੇ ਵਿਕਾਸ ਜੈਨ ਦਾ ਨਾਮ ਪੇਸ਼ ਕੀਤਾ। ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਉਮੀਦਵਾਰ ਦਾ ਨਾਮ ਪੇਸ਼ ਨਾ ਹੋਣ ਕਾਰਨ ਹਾਜ਼ਰੀਨ ਵੱਲੋਂ ਵਿਕਾਸ ਜੈਨ ਦੇ ਨਾਮ ਨੂੰ ਦੂਜੀ ਵਾਰ ਬਤੌਰ ਪ੍ਰਧਾਨ ਸਹਿਮਤੀ ਦਿੱਤੀ ਗਈ। ਮੀਟਿੰਗ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਵਿਸ਼ੇਸ਼ ਇਨਵਾਇਟੀ ਮੈਂਬਰ ਵਜੋਂ ਸ਼ਮੂਲੀਅਤ ਕੀਤੀ।
ਨਵ ਨਿਯਕੁਤ ਪ੍ਰਧਾਨ ਵਿਕਾਸ ਜੈਨ ਨੇ ਸਾਥੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੂਜੀ ਵਾਰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਹ ਉਸਨੂੰ ਹੋਰ ਤਨਦੇਹੀ ਨਾਲ ਨਿਭਾਉਣਗੇ।