ਪਵਨ ਕੁਮਾਰ ਵਰਮਾ
ਧੂਰੀ, 21 ਫਰਵਰੀ
ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਲੋਕਾਂ ਵਿੱਚ ਇੱਕ ਵੱਡੀ ਚਰਚਾ ਛਿੜ ਗਈ ਹੈ। ਪੰਚਾਇਤ ਵਿਭਾਗ ਵਿੱਚੋਂ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ ਜੇਪੀ ਸਿੰਗਲਾ ਨੇ ਇੱਥੇ ਆਪਣੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋਰ ਸਾਥੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਚਾਚਾ ਭਗਵਾਨ ਦਾਸ ਸੇਵਾਮੁਕਤ ਜ਼ਿਲ੍ਹਾ ਮੰਡੀ ਅਫ਼ਸਰ, ਬਿਜਲੀ ਬੋਰਡ ਦੇ ਸੇਵਾਮੁਕਤ ਚੀਫ ਇੰਜਨੀਅਰ ਨਵਦੀਪ ਗਰਗ, ਸੇਵਾਮੁਕਤ ਡਿਪਟੀ ਡਾਇਰੈਕਟਰ ਸਪੋਰਟਸ ਅਥਾਰਿਟੀ ਆਫ ਇੰਡੀਆ ਮੰਗਤ ਗੋਇਲ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੁਸ਼ਮਾ ਚੋਪੜਾ, ਐਡਵੋਕੇਟ ਵਰਿੰਦਰ ਜਿੰਦਲ ਅਤੇ ਸੇਵਾਮੁਕਤ ਪੰਚਾਇਤ ਅਫ਼ਸਰ ਜਗਤਾਰ ਸਿੰਘ ਆਦਿ ਉੱਚ ਅਧਿਕਾਰੀਆਂ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੰਗ ਆ ਕੇ ‘ਆਪ’ ਵਿੱਚ ਸ਼ਾਮਲ ਹੋਏ। ਬੀਤੇ ਦਿਨੀਂ ‘ਆਪ’ ਵਿੱਚ ਸ਼ਾਮਲ ਹੋਏ ਆਲ ਇੰਡੀਆ ਐੱਫਸੀਆਈ ਐਗਜ਼ੀਕਿਊਟਿਵ ਸਟਾਫ ਯੂਨੀਅਨ ਦੇ ਕੌਮੀ ਪ੍ਰਧਾਨ ਐੱਸਐੱਸ ਚੱਠਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਕੁੱਝ ਹੋਰ ਵੱਡੇ ਚਿਹਰੇ ਉਨ੍ਹਾਂ ਦੇ ਸੰਪਰਕ ਵਿੱਚ ਹਨ, ਜੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਤਾਵਲੇ ਹਨ।