ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 18 ਅਪਰੈਲ
ਮਾਨਸਿਕ ਤੌਰ ’ਤੇ ਬਿਮਾਰ ਨੌਜਵਾਨ ਉਸਮਾਨ, ਜੋ ਕਰੀਬ ਸਾਢੇ ਤਿੰਨ ਸਾਲ ਪਹਿਲਾਂ ਉੱਤਰ ਪ੍ਰਦੇਸ਼ ’ਚ ਮੇਲੇ ’ਤੇ ਗਿਆ ਲਾਪਤਾ ਹੋ ਗਿਆ ਸੀ, ਅੱਜ ਮੁੰਬਈ ਦੀ ਸਮਾਜ ਸੇਵੀ ਸੰਸਥਾ ਦੀ ਬਦੌਲਤ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਮਿਲ ਗਿਆ। ਉਸਮਾਨ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਸਮਾਜ ਸੇਵੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਮਜ਼ਾਨ ਦੇ ਮਹੀਨੇ ਉਸਮਾਨ ਦੇ ਮਿਲਣ ਨਾਲ ਉਨ੍ਹਾਂ ਦੀਆਂ ਖੁਸ਼ੀਆਂ ’ਚ ਵਾਧਾ ਹੋਇਆ ਹੈ ਕਿਉਂਕਿ ਉਹ ਇਸ ਵਾਰ ਉਸਮਾਨ ਨਾਲ ਰਲ ਕੇ ਈਦ ਮਨਾਉਣਗੇ। ਉਸਮਾਨ ਨੂੰ ਮਾਲੇਰਕੋਟਲਾ ਛੱਡਣ ਆਏ ਮੁੰਬਈ ਸਥਿਤ ਸਮਾਜ ਸੇਵੀ ਸੰਸਥਾ ਸ਼ਾਰਦਾ ਫਾਊਂਡੇਸਨ ਟਰੱਸਟ ਦੇ ਆਗੂ ਡਾਕਟਰ ਭਰਤ ਵੈਟਵਾਨੀ ਅਤੇ ਸਮਾਜ ਸੇਵੀ ਰਾਕੇਸ਼ ਕੁਮਾਵਤ ਨੇ ਦੱਸਿਆ ਕਿ ਉਸਮਾਨ ਨੂੰ ਰਾਜਸਥਾਨ ਦੀ ਸੰਸਥਾ ‘ਆਪਣਾ ਘਰ’ ਨੇ ਇਲਾਜ ਲਈ ਉਨ੍ਹਾਂ ਦੀ ਸੰਸਥਾ ਸ਼ਾਰਦਾ ਫਾਊਂਡੇਸ਼ਨ ਟਰੱਸਟ ਮੁੰਬਈ ਵਿੱਚ ਭੇਜਿਆ ਸੀ। ਸੰਸਥਾ ਵੱਲੋਂ ਉਸਮਾਨ ਦਾ ਦੋ ਸਾਲ ਤੋਂ ਇਲਾਜ ਕਰਵਾਇਆ ਜਾ ਰਿਹਾ ਹੈ, ਜੋ ਅਜੇ ਵੀ ਜਾਰੀ ਹੈ। 10 ਕੁ ਦਿਨਾਂ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਿਆ ਸੀ ਉਸਮਾਨ ਪੰਜਾਬ ਦੇ ਮਾਲੇਰਕੋਟਲਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਉਸ ਨੂੰ ਘਰ ਪਹੁੰਚਾਉਣ ਲਈ ਯਤਨ ਕੀਤੇ। ਉਨ੍ਹਾਂ ਮਾਲੇਰਕੋਟਲਾ ਦੀ ਡਾ. ਬੀ.ਆਰ.ਅੰਬੇਡਕਰ ਅਵੇਅਰਨੈੱਸ ਸੁਸਾਇਟੀ ਮਾਲੇਰਕੋਟਲਾ ਦੇ ਆਗੂਆਂ ਰਮਨ ਚੱਢਾ ਅਤੇ ਵਿਸ਼ਾਲ ਟਾਂਕ ਨਾਲ ਸੰਪਰਕ ਕੀਤਾ ਤੇ ਇੱਥੇ ਪੁੱਜ ਕੇ ਇਨ੍ਹਾਂ ਦੇ ਸਹਿਯੋਗ ਸਦਕਾ ਉਸਮਾਨ ਦੇ ਮਾਲੇਰਕੋਟਲਾ ਸਥਿਤ ਰਿਸ਼ਤੇਦਾਰ ਜੀਰੂ ਢਾਬੇ ਵਾਲੇ ਨਾਲ ਸੰਪਰਕ ਕਰਕੇ ਪਤਵੰਤੇ ਵਿਅਕਤੀਆਂ ਦੀ ਮੌਜੂਦਗੀ ਵਿੱਚ ਉਸਮਾਨ ਨੂੰ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਹੈ।