ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 11 ਅਕਤੂਬਰ
ਇਲਾਕੇ ਵਿੱਚ ਬੀਤੀ ਰਾਤ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਜਿਸ ਦੀ ਜ਼ਿਆਦਾ ਮਾਰ ਝੋਨੇ ਦੀ 1509 ਕਿਸਮ ਨੂੰ ਪਈ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਇਹ ਕਿਸਮ ਪੂਰੀ ਤਰ੍ਹਾਂ ਪੱਕ ਕੇ ਤਿਆਰ ਸੀ ਤੇ ਬੀਤੀ ਰਾਤ ਪਏ ਮੀਂਹ ਤੇ ਤੇਜ਼ ਹਵਾਵਾਂ ਕਾਰਨ ਇਹ ਧਰਤੀ ’ਤੇ ਵਿਛ ਗਈ ਹੈ। ਕਿਸਾਨਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਮੀਂਹ ਤੇ ਤੇਜ਼ ਹਵਾਵਾਂ ਕਾਰਨ ਜਿੱਥੇ ਝੋਨੇ ਦੀ ਕਿਸਮ ਦਾ ਝਾੜ ਘੱਟ ਨਿਕਲੇਗਾ ਉੱਥੇ ਝੋਨੇ ਦੀ ਕਟਾਈ ’ਤੇ ਵੀ ਜ਼ਿਆਦਾ ਖ਼ਰਚਾ ਆਵੇਗਾ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਅੱਜ ਤੜਕੇ ਪਏ ਬੇਮੌਸਮੇ ਮੀਂਹ ਨੇ ਮੰਡੀਆਂ ਅਤੇ ਖੇਤਾਂ ਵਿੱਚ ਕਿਸਾਨਾਂ ਨੂੰ ਰੋਲ ਕੇ ਰੱਖ ਦਿੱਤਾ। ਮੀਂਹ ਨਾਲ ਜਿੱਥੇ ਕਸਬਾ ਘਨੌਰ ਅਤੇ ਕਪੂਰੀ ਸਮੇਤ ਹੋਰਨਾਂ ਅਨਾਜ ਮੰਡੀਆਂ ਵਿੱਚ ਬਰਸਾਤੀ ਪਾਣੀ ਦਾ ਢੁਕਵਾਂ ਨਿਕਾਸ ਨਾ ਹੋਣ ਕਾਰਨ ਮੰਡੀਆਂ ਵਿੱਚ ਪਏ ਅਣਵਿਕੇ ਝੋਨੇ ਦੀਆਂ ਢੇਰੀਆਂ ਮੀਂਹ ਦੇ ਪਾਣੀ ਵਿੱਚ ਡੁੱਬ ਕੇ ਨੁਕਸਾਨੀਆਂ ਗਈਆਂ, ਉੱਥੇ ਹੀ ਸਰਕਾਰੀ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਵੀ ਭਿੱਜ ਗਈਆਂ। ਝੋਨੇ ਦੀ ਪੱਕੀ ਹੋਈ ਫ਼ਸਲ ਵਾਲੇ ਖੇਤਾਂ ’ਚ ਮੀਂਹ ਦਾ ਪਾਣੀ ਭਰਨ ਕਾਰਨ ਵਾਢੀ ਦਾ ਕੰਮ ਰੁਕ ਗਿਆ। ਅੱਜ ਮੰਡੀਆਂ ਵਿੱਚ ਝੋਨੇ ਦੀ ਨਾਮਾਤਰ ਆਮਦ ਹੋ ਸਕੀ। ਕੁਦਰਤੀ ਖੇਤੀ ਵਿਰਾਸਤ ਮਿਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਹਾਵਲਪੁਰ, ਸਬਜ਼ੀ ਕਾਸ਼ਤਕਾਰ ਗਿਆਨੀ ਮਹਿੰਦਰ ਸਿੰਘ ਪਿੱਪਲ ਮੰਗੌਲੀ, ਦਲਜੀਤ ਸਿੰਘ ਕੋਹਲੇਮਾਜਰਾ, ਅਗਾਂਹਵਧੂ ਕਿਸਾਨ ਪਵਨ ਕੁਮਾਰ ਸੋਗਲਪੁਰ, ਕੁਲਵਿੰਦਰ ਸਿੰਘ ਮਰਦਾਂਪੁਰ ਅਤੇ ਅਮਰਿੰਦਰ ਸਿੰਘ ਹੈਪੀ ਹਾਸ਼ਮਪੁਰ ਸਮੇਤ ਹੋਰਨਾਂ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਝੋਨੇ ਦੀ ਪੱਕੀ ਹੋਈ ਫ਼ਸਲ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ। ਕੁਝ ਦਿਨ ਪਹਿਲਾਂ ਬੀਜੀ ਗਈ ਗਾਜਰ ਤੇ ਮੂਲੀ ਦੀ ਫ਼ਸਲ ਖਰਾਬ ਹੋ ਗਈ ਜਦੋਂਕਿ ਗੋਭੀ, ਬੈਂਗਣ, ਘੀਆ ਦੀ ਵੇਲਾਂ ਵਿੱਚ ਮੀਂਹ ਦਾ ਪਾਣੀ ਪੈ ਜਾਣ ਕਾਰਨ ਇਹ ਖਰਾਬ ਹੋਣ ਲੱਗੀਆਂ ਹਨ। ਮੀਂਹ ਕਾਰਨ ਆਲੂ ਦੀ ਬਿਜਾਈ ਪਛੜ ਗਈ ਹੈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਇਲਾਕੇ ’ਚ ਪਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਪੱਕੀ ਫ਼ਸਲ ਡਿੱਗ ਗਈ ਹੈ ਜਦਕਿ ਇਸ ਨੇ ਬਾਸਮਤੀ ਦੀ ਖੜ੍ਹੀ ਫ਼ਸਲ ਨੂੰ ਵੀ ਲੰਮਿਆਂ ਪਾ ਦਿੱਤਾ ਹੈ। ਦੂਜੇ ਪਾਸੇ ਅਨਾਜ ਮੰਡੀਆਂ ਵਿੱਚ ਵੀ ਭਾਰੀ ਮਾਤਰਾ ਵਿੱਚ ਝੋਨਾ ਇਕੱਠਾ ਹੋ ਗਿਆ ਸੀ, ਜਿੱਥੇ ਕਿ ਗਿੱਲੇ ਝੋਨੇ ਨੂੰ ਸੁਕਾਉਣਾ ਪੈ ਰਿਹਾ ਹੈ। ਦੂਜੇ ਪਾਸੇ ਅਨਾਜ ਮੰਡੀਆਂ ਵਿੱਚ ਵੀ ਭਾਰੀ ਮਾਤਰਾ ਵਿੱਚ ਝੋਨਾ ਇਕੱਠਾ ਹੋ ਗਿਆ ਸੀ, ਜਿੱਥੇ ਕਿ ਗਿੱਲੇ ਝੋਨੇ ਨੂੰ ਸੁਕਾਉਣਾ ਪੈ ਰਿਹਾ ਹੈ।