ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਫਰਵਰੀ
ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਅਤੇ ਵੱਡੀ ਤਾਦਾਦ ’ਚ ਸਰਕਾਰੀ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਅਜੇ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਤਨਖਾਹ ਤੋਂ ਵਾਂਝੇ ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਰੋਸ ਹੈ।
ਤਨਖਾਹ ਤੋਂ ਵਾਂਝੇ ਅਧਿਆਪਕਾਂ ਦਾ ਮਸਲਾ ਲੈ ਕੇ ਦੋ ਅਧਿਆਪਕ ਜਥੇਬੰਦੀਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਦੇ ਦਰਬਾਰ ਪੁੱਜੇ। ਉਹ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੂੰ ਮਿਲਿਆ ਅਤੇ ਵਿੱਤ ਸਕੱਤਰ ਪੰਜਾਬ ਦੇ ਨਾਂ ’ਤੇ ਮੰਗ ਪੱਤਰ ਦਿੱਤਾ।
ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਭਲਵਾਨ ਅਤੇ ਡੀਟੀਐੱਫ਼ ਦੇ ਜ਼ਿਲ੍ਹਾ ਆਗੂ ਬਲਵੀਰ ਚੰਦ ਲੌਂਗੋਵਾਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਅਧਿਆਪਕਾਂ ਅਤੇ ਵੱਡੀ ਤਾਦਾਦ ’ਚ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੂਰਾ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ। ਇਕ ਅਧਿਆਪਕ ਨੂੰ ਉਸ ਦੀ ਮਿਹਨਤ ਦਾ ਮਿਹਨਤਾਨਾ ਨਾ ਮਿਲਣਾ ਬੇਇਨਸਾਫ਼ੀ ਹੈ। ਇਸ ਬੇਇਨਸਾਫ਼ੀ ਕਾਰਨ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਮੰਗ ਪੱਤਰ ਗਿਆ ਹੈ। ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਨਖਾਹ ਤੋਂ ਵਾਂਝੇ ਅਧਿਆਪਕਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਤਨਖਾਹ ਜਾਰੀ ਨਾ ਕੀਤੀ ਗਈ ਤਾਂ ਜਥੇਬੰਦੀਆਂ ਨੂੰ ਸੰਘਰਸ਼ ਦਾ ਰਾਹ ਪੈਣ ਲਈ ਮਜਬੂਰ ਹੋਣਾ ਪਵੇਗਾ।
ਇਸ ਮੌਕੇ ਡੀਟੀਐੱਫ ਵੱਲੋਂ ਤੇ ਐਲੀਮੈਂਟਰੀ ਟੀਚਰਜ਼ ਯੁਨੀਅਨ ਵੱਲੋਂ ਜਸਵੀਰ ਨਮੋਲ, ਯਾਦਵਿੰਦਰ ਧੂਰੀ, ਪਵਨ ਨੰਦਗੜ੍ਹ, ਸੁਖਜਿੰਦਰ, ਜਸਪਾਲ ਸਿੰਘ, ਰਾਜਿੰਦਰ ਸਿੰਘ, ਜਸਵੀਰ ਸਿੰਘ, ਪੰਕਜ ਬਾਂਸਲ ਅਮਰਦੀਪ ਸਿੰਘ, ਗਗਨਦੀਪ ਸਿੰਘ, ਬਲਜੀਤ ਸਿੰਘ, ਰਾਜੇਸ ਦਾਨੀ, ਜਸਪਾਲ ਸਿੰਘ, ਅਵਤਾਰ ਬਹਿਲਾ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਜਗਮੇਲ ਸਿੰਘ, ਜਗਜੀਤ ਸਿੰਘ, ਪ੍ਰੇਮ ਨਿਮਾਣਾ, ਹਰਪਾਲ ਬਾਲੀਆ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਮੌਜੂਦ ਸਨ।
ਸਿਹਤ ਵਿਭਾਗ ਦੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸਿਹਤ ਵਿਭਾਗ ਦੇ ਵਿੱਚ ਕੰਮ ਕਰਦੇ ਵੱਖ ਵੱਖ ਕੈਟਾਗਰੀਆਂ ਦੇ ਮੁਲਾਜ਼ਮਾਂ ਦੀਆਂ ਬਜਟ ਦੀ ਘਾਟ ਕਾਰਨ ਕਈ ਜ਼ਿਲ੍ਹਿਆਂ ਵਿੱਚ ਦਸੰਬਰ ਅਤੇ ਜਨਵਰੀ ਤੋਂ ਤਨਖਾਹਾਂ ਰੁਕੀਆਂ ਪਈਆਂ ਹਨ ਜਦੋਂ ਕਿ ਅਜੇ ਤੱਕ ਫਰਵਰੀ ਮਹੀਨੇ ਦਾ ਵੀ ਬਜਟ ਨਹੀਂ ਆਇਆ ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਮੁਲਾਜ਼ਮਾਂ ਦੀ ਜਥੇਬੰਦੀ ਮਲਟੀਪਰਪਜ਼ ਹੈਲਥ ਐਂਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਸੁਬਾਈ ਕਨਵੀਨਰਾਂ ਗੁਰਪ੍ਰੀਤ ਸਿੰਘ ਮੰਗਵਾਲ ,ਗੁਰਦੇਵ ਸਿੰਘ ਢਿੱਲੋਂ ਅਤੇ ਜਸਵੀਰ ਕੌਰ ਮੂਨਕ ਨੇ ਕਿਹਾ ਕਿ ਕੋਵਿਡ ਅਤੇ ਚੋਣਾਂ ’ਚ ਲਗਾਤਾਰ ਡਿਊਟੀਆਂ ਕਾਰਨ ਮੁਲਾਜ਼ਮਾਂ ਦੇ ਰੋਜ਼ਮਰਾ ਦੇ ਖਰਚੇ ਵਧ ਗਏ ਸਨ। ਤਨਖਾਹਾਂ ਨਾਲ ਮਿਲਣ ਕਾਰਨ ਮੁਲਾਜ਼ਮਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਨੇ ਪਿਛਲੇ ਹਫਤੇ ਚੰਡੀਗੜ੍ਹ ਡਾਇਰੈਕਟਰ ਦਫਤਰ ਸੰਪਰਕ ਕੀਤਾ ਸੀ ਜਿਨ੍ਹਾਂ ਦੱਸਿਆ ਕਿ ਬਜਟ ਨਹੀਂ ਹੈ ਅਤੇ ਵਿੱਤ ਵਿਭਾਗ ਵਲੋਂ ਜਲਦ ਹੀ ਬਜਟ ਮਿਲ ਜਾਵੇਗਾ ਪਰ ਅਜੇ ਤੱਕ ਬਜਟ ਵੱਖ-ਵੱਖ ਜ਼ਿਲ੍ਹਿਆਂ ’ਚ ਨਹੀਂ ਪੁੱਜਿਆ। ਮੰਗਵਾਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਹਫ਼ਤੇ ਬਜਟ ਨਾ ਆਇਆ ਅਤੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।