ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਮਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ’ਚ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵਿੱਢੀ ਮੁਹਿੰਮ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਸੰਗਰੂਰ ’ਚ ਹੁਲਾਰਾ ਦਿੰਦਿਆਂ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਕਬਜ਼ਿਆਂ ਵਿਰੁੱਧ ਡਟਣ ਦੀ ਅਪੀਲ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਆਮ ਲੋਕਾਂ ਨੂੰ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੋੜਨ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 24 x 7 ਕਾਰਜਸ਼ੀਲ ਰਹਿਣ ਵਾਲਾ ਹੈਲਪਲਾਈਨ ਨੰਬਰ, 96464-22212, ਜਾਰੀ ਕੀਤਾ ਗਿਆ ਹੈ ਜਿਸ ’ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਸੰਗਰੂਰ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਪੰਚਾਇਤੀ ਜ਼ਮੀਨ ’ਤੇ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਬਾਰੇ ਸੂਚਨਾ ਦੇ ਸਕਦਾ ਹੈ। ਇਸ ਹੈਲਪਲਾਈਨ ਨੰਬਰ ’ਤੇ ਜਾਣਕਾਰੀ ਕਿਸੇ ਵੀ ਰੂਪ ਵਿੱਚ ਜਿਵੇਂ ਕਾਲ, ਮੈਸੇਜ ਜਾਂ ਵਟਸਐਪ ਜ਼ਰੀਏ ਸਾਂਝੀ ਕੀਤੀ ਜਾ ਸਕੇਗੀ ਜਿਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤਰਜੀਹ ਦੇ ਆਧਾਰ ’ਤੇ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇਗੀ। ਜਾਣਕਾਰੀ ਸਾਂਝੀ ਕਰਨ ਵਾਲੇ ਹਰ ਵਿਅਕਤੀ ਦੀ ਪਛਾਣ ਹਰ ਪੱਖੋਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸੰਗਰੂਰ ਜ਼ਿਲ੍ਹੇ ਵਿੱਚ ਕਿਸੇ ਵੀ ਨਾਜਾਇਜ਼ ਕਾਬਜ਼ਕਾਰ ਵੱਲੋਂ 31 ਮਈ ਤੱਕ ਪੰਚਾਇਤੀ ਜ਼ਮੀਨ ਦੀ ਸਪੁਰਦਗੀ ਪ੍ਰਸ਼ਾਸਨ ਨੂੰ ਨਾ ਦਿੱਤੀ ਤਾਂ ਨਿਰਧਾਰਿਤ ਤਾਰੀਖ ਤੋਂ ਬਾਅਦ ਸਬੰਧਤ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਵੀ ਹਾਜ਼ਰ ਸਨ।