ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਅੱਜ 16 ਜੂਨ ਨੂੰ ਸੰਗਰੂਰ ’ਚ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਗਾਤਾਰ 258ਵੇਂ ਦਿਨ ਲੱਗੇ ਪੱਕੇ ਮੋਰਚੇ ਉੱਤੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਨੇ ਕਿਸਾਨਾਂ-ਮਜ਼ਦੂਰਾਂ, ਬੱਚਿਆਂ ਅਤੇ ਨੌਜਵਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਧਰਨੇ ਨੂੰ ਹਰਜਿੰਦਰ ਸਿੰਘ ਨੰਗਲਾ, ਹਰਸੇਵ ਸਿੰਘ ਲਹਿਲ ਖੁਰਦ, ਬਿੰਦਰ ਸਿੰਘ ਖੋਖਰ, ਪ੍ਰੀਤਮ ਸਿੰਘ ਲਹਿਲ ਕਲਾਂ, ਜਗਦੀਪ ਸਿੰਘ ਲਹਿਲ ਖੁਰਦ, ਹਰਸੇਵਕ ਸਿੰਘ ਲਹਿਲ ਖੁਰਦ, ਬੂਟਾ ਸਿੰਘ ਭੁਟਾਲ ਕਲਾਂ, ਮਹਿਲਾ ਵਿੰਗ ਬਲਾਕ ਪ੍ਰਧਾਨ ਕਰਮਜੀਤ ਕੌਰ ਭੁਟਾਲ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਐਲਾਨੀਆਂ 13 ਤੋਂ 19 ਤਰੀਕ ਤੱਕ ਹਫ਼ਤਾਵਾਰੀ ਪ੍ਰੋਗਰਾਮਾਂ ਤਹਿਤ ਭਾਜਪਾ ਦੀ ਮੋਦੀ ਹਕੂਮਤ ਵੱਲੋਂ ਝੂਠੇ ਮਨਘੜਤ ਕੇਸਾਂ ਵਿੱਚ ਸਾਲਾਂਬੱਧੀ ਜੇਲ੍ਹਾਂ ਵਿੱਚ ਬੰਦ ਕੀਤੇ ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਲਈ ਸੰਗਰੂਰ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਲਾਕ ਲਹਿਰਾ ਅਤੇ ਮੂਨਕ ਦੇ ਪਿੰਡਾਂ-ਪਿੰਡਾਂ ਵਿਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ-ਮਜ਼ਦੂਰ, ਬੀਬੀਆਂ ਤੇ ਨੌਜਵਾਨ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਦੇਸ਼ ਭਰ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਬਾਵਜੂਦ ਮੋਦੀ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਨਾ ਆਉਣ ਕਰ ਕੇ ਕਾਰਪੋਰੇਟਰਾਂ ਦੀ ਖੁੱਲ੍ਹੀ ਵਕਾਲਤ ਕਰਨ ਲਈ ਖੇਤੀ ਸਬਸਿਡੀ ਖ਼ਤਮ ਕਰਨ ਦੇ ਡਰਾਬੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਕਾਰਪੋਰੇਟ ਅਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕਿਸਾਨੀ ਸੰਘਰਸ਼ੀਆਂ ਨੂੰ ਡਰਾਉਣ ਦੀਆਂ ਚਾਲਾਂ ਚੱਲ ਰਹੀ ਹੈ।
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਸੰਗਰੂਰ ’ਚ ਜ਼ਿਲ੍ਹਾ ਪੱਧਰੀ ਧਰਨਾ ਅੱਜ
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਮਨਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੱਡਾ ਟੌਲ ਪਲਾਜ਼ਾ ਕੋਲ ਲੱਗਾ ਧਰਨਾ ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਰਾਮ ਸਿੰਘ ਕੱਕੜਵਾਲ, ਦੀ ਅਗਵਾਈ ਵਿੱਚ 257ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਪਹਿਲਾਂ ਹੀ ਕੀਤਾ ਹੋਇਆ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕੀਤਾ ਹੈ। ਕਿਸਾਨਾਂ ਨੂੰ ਮਹਿੰਗਾਈ ਦੇ ਹਵਾਲੇ ਕੀਤਾ ਹੈ। ਅੱਜ ਡੀਜ਼ਲ ਤੇ ਪੈਟਰੋਲ ਦੇ ਅਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਆਗੂਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਨੂੰ ਮਹਿੰਗਾਈ ਤੇ ਕਿਸਾਨਾਂ ਦੇ ਹੱਕ ਮਾਰੇ ਹਨ। ਉਨ੍ਹਾਂ ਕਿਹਾ ਕਿ 16 ਜੂਨ ਨੂੰ ਸੰਗਰੂਰ ਦੀ ਦਾਣਾ ਮੰਡੀ ਵਿਚ ਕਿਸਾਨ ਆਗੂਆਂ ਦੀ ਰਿਹਾਈ ਲਈ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਦਰਸ਼ਨ ਸਿੰਘ ਕਿਲ੍ਹਾ ਹਕੀਮਾਂ, ਜਸਪਾਲ ਸਿੰਘ ਪੇਧਨੀ, ਗੁਰਜੰਟ ਸਿੰਘ, ਰਾਮ ਸਿੰਘ ਕੱਕੜਵਾਲ, ਗੁਰੀ ਮਾਨ ਧੂਰੀ, ਹਮੀਰ ਸਿੰਘ ਬੇਨੜਾ, ਬਲਵਿੰਦਰ ਸਿੰਘ ਪੇਧਨੀ, ਚਮਕੌਰ ਸਿੰਘ ਹਥਨ, ਕੁਲਵਿੰਦਰ ਕੌਰ, ਮਹਿੰਦਰ ਸਿੰਘ ਲੱਡਾ, ਨਾਜਰ ਸਿੰਘ ਦੌਲਤਪੁਰ, ਮੇਜਰ ਸਿੰਘ ਬੁਰਜ ਸੇਢਾ ਵੀ ਹਾਜ਼ਰ ਸਨ।