ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਨਵੰਬਰ
ਪੁਲੀਸ ਵਿਭਾਗ ਵਿੱਚ ਹੋਈ ਕਾਂਸਟੇਬਲਾਂ ਦੀ ਭਰਤੀ ਵਿੱਚ ਕਥਿਤ ਘਪਲੇਬਾਜ਼ੀ ਨੂੰ ਲੈ ਕੇ ਸੈਂਕੜੇ ਨੌਜਵਾਨਾਂ ਵੱਲੋਂ ਸਥਾਨਕ ਬਰਨਾਲਾ ਰੋਡ ’ਤੇ ਆਵਾਜਾਈ ਠੱਪ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਵਿੰਦਰ ਔਲਖ, ਰਮਨਦੀਪ ਕੌਰ, ਲਖਵੀਰ ਕੌਰ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਗੋਬਿੰਦ ਛਾਜਲੀ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਪੰਜਾਬ ਸਰਕਾਰ ਦੀਆਂ ਨਿਯੁਕਤੀਆਂ ਵਿੱਚ ਹੋ ਰਹੀਆਂ ਘਪਲੇਬਾਜ਼ੀਆਂ ਨੌਜਵਾਨਾਂ ਨੂੰ ਸੜਕਾਂ ’ਤੇ ਰੁਲਣ ਲਈ ਮਜਬੂਰ ਕਰ ਰਹੀਆਂ ਹਨ।
ਬੁਲਾਰਿਆਂ ਕਿਹਾ ਕਿ ਪੁਲੀਸ ਕਾਂਸਟੇਬਲਾਂ ਦੀ ਭਰਤੀ ਦੀ ਪ੍ਰੀਖਿਆ 25-26 ਸਤੰਬਰ ਨੂੰ ਲਈ ਗਈ ਸੀ। ਪੰਜਾਬ ਦੇ ਲੱਖਾਂ ਨੌਜਵਾਨਾਂ ਨੇ ਪ੍ਰੀਖਿਆ ਦਿੱਤੀ ਸੀ ਪਰ ਹੁਣ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਆਪਣੇ ਚਹੇਤਿਆਂ ਨੂੰ ਪਾਸ ਕਰਕੇ ਟਰਾਇਲ ਲਈ ਦਾਖਲਾ ਕਾਰਡ ਜਾਰੀ ਕਰ ਦਿੱਤੇ ਗਏ ਹਨ ਜਦੋਂ ਕਿ ਯੋਗ ਨੌਜਵਾਨਾਂ ਦੇ ਨਾਂ ਲਿਸਟਾਂ ਵਿੱਚੋਂ ਗਾਇਬ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕਾਂਸਟੇਬਲ ਦੀ ਜੋ ਮੈਰਿਟ ਲਿਸਟ ਜਾਰੀ ਕੀਤੀ ਹੈ ਉਸ ਦੇ ਅੰਕ ਜਨਤਕ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਇਸ਼ਤਿਹਾਰ ਅਨੁਸਾਰ 25 ਫੀਸਦੀ ਐੱਸਸੀ ਅਤੇ 33ਫੀਸਦੀ ਜਰਨਲ ਵਰਗ ਦੇ ਉਮੀਦਵਾਰਾਂ ਨੂੰ ਵੀ ਭਰਤੀ ਟਰਾਇਲ ਲਈ ਬੁਲਾਇਆ ਜਾਵੇ। ਉਨ੍ਹਾਂ ਸਬ-ਇੰਸਪੈਕਟਰ, ਹੈਡ ਕਾਂਸਟੇਬਲ, ਇੰਟੈਲੀਜੈਂਸੀ ਦੇ ਰੱਦ ਕੀਤੇ ਪੇਪਰ ਦੁਬਾਰਾ ਲੈ ਕੇ ਉਨ੍ਹਾਂ ਦੇ ਟਰਾਇਲ ਲਏ ਜਾਣ ਦੀ ਵੀ ਮੰਗ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਗੁਰਜੀਤ ਕੌਰ, ਸੁਖਵੀਰ ਕੌਰ ਤੇ ਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।
ਸਮਾਣਾ (ਸੁਭਾਸ਼ ਚੰਦਰ): ਪੁਲੀਸ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਦੇ ਐਲਾਨੇ ਨਤੀਜੇ ’ਚ ਉਮੀਦਵਾਰਾਂ ਦੇ ਨੰਬਰ ਨਾ ਦਰਸਾਏ ਜਾਣ ਅਤੇ ਹੇਰਾਫੇਰੀ ਦਾ ਦੋਸ਼ ਲਗਾਉਂਦਿਆ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਸਮਾਣਾ ਸਥਿਤ ਭਾਖੜਾ ਨਹਿਰ ਦੇ ਪੁਲ ’ਤੇ ਸੋਮਵਾਰ ਸਵੇਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਸਟੇਟ ਹਾਈਵੇਅ ਸਮਾਣਾ-ਪਟਿਆਲਾ-ਹਿਸਾਰ ਰੋਡ ਨੂੰ ਘੰਟਿਆਂ ਤੱਕ ਦੋਵੇਂ ਪਾਸਿਆਂ ਤੋਂ ਜਾਮ ਕਰ ਦਿੱਤਾ। ਇਸ ਨਾਲ ਕਈ ਕਿਲੋਮੀਟਰ ਤੱਕ ਭਾਰੀ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਹਜ਼ਾਰਾਂ ਲੋਕਾਂ ਤੇ ਵਾਹਨਾਂ ਨੂੰ ਰਸਤਾ ਬਦਲ ਕੇ ਲੰਮੇ ਰਸਤਿਆਂ ਰਾਹੀਂ ਆਪਣੇ ਟਿਕਾਣਿਆਂ ’ਤੇ ਜਾਣਾ ਪਿਆ।
ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਦਿਲਜਨ ਸਿੰਘ, ਧਰਮਿੰਦਰ, ਹਰਮਨ, ਕਾਂਤਾ ਦੇਵੀ, ਸੀਮਾ ਰਾਣੀ ਤੇ ਅਮਨਦੀਪ ਕੌਰ ਨੇ ਪੁਲੀਸ ਭਰਤੀ ਵਿੱਚ ਸਰਕਾਰ ’ਤੇ ਘਪਲੇ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਬ-ਇੰਸਪੈਕਟਰ ਅਤੇ ਸਹਾਇਕ ਸਬ ਇੰਸਪੈਕਟਰਾਂ ਦੇ ਐਲਾਨੇ ਨਤੀਜਿਆਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਿਆ ਹੈ ਜਦਕਿ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਪਾਰਦਰਸ਼ੀ ਨਹੀਂ ਅਤੇ ਉਮੀਦਵਾਰ ਵੱਲੋਂ ਪ੍ਰਾਪਤ ਅੰਕਾਂ ਨੂੰ ਨਹੀਂ ਦਰਸਾਇਆ ਗਿਆ। ਇਸ ਤਰ੍ਹਾਂ ਹਰ ਉਮੀਦਵਾਰ ਤੋਂ 1000-1500 ਰੁਪਏ ਵਸੂਲ ਕੇ ਕੇਵਲ ਇਸੇ ਭਰਤੀ ਪ੍ਰੀਖਿਆ ਵਿੱਚ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਦਾ ਘਪਲਾ ਕੀਤਾ ਹੈ।
ਧਰਨਾਕਾਰੀਆਂ ਨੇ ਰੱਦ ਕੀਤੀ ਗਈ ਸਬ-ਇੰਸਪੈਕਟਰ ਤੇ ਸਹਾਇਕ ਸਬ-ਇੰਸਪੈਕਟਰ ਪ੍ਰੀਖਿਆ ਕਰਵਾਉਣ ਅਤੇ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਦਾ ਨਤੀਜਾ ਪਾਰਦਰਸ਼ੀ ਢੰਗ ਨਾਲ ਦਿੱਤੇ ਜਾਣ ਦੀ ਮੰਗ ਕੀਤੀ ਅਤੇ ਮੰਗ ਪੱਤਰ ਪ੍ਰਾਪਤ ਕਰਨ ਦੇ ਲਈ ਸੀਨੀਅਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਧਰਨੇ ਵਾਲੀ ਥਾਂ ’ਤੇ ਪਹੁੰਚਣ ਲਈ ਆਪਣੀ ਜ਼ਿੱਦ ’ਤੇ ਅੜੇ ਰਹੇ। ਇਸ ਦੌਰਾਨ ਥਾਨਾ ਸਿਟੀ ਸਮਾਣਾ ਦੇ ਮੁਖੀ ਸੁਰਿੰਦਰ ਭੱਲਾ ਨੇ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਉਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਮੰਗ ਪੱਤਰ ਲੈ ਕੇ ਧਰਨਾ ਸਮਾਪਤ ਕਰਵਾਇਆ।