ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਗਸਤ
ਪੈਨਲ ਮੀਟਿੰਗ ਰੱਦ ਹੋਣ ਤੋਂ ਖਫ਼ਾ ਟੈੱਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕਾਂ ਵਲੋਂ ਅੱਜ ਟੈਂਕੀ ਹੇਠਾਂ ਚੱਲ ਰਹੇ ਪੱਕੇ ਮੋਰਚੇ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਦਿਆਂ ਮੀਟਿੰਗ ਵਾਲੇ ਪੱਤਰ ਨੂੰ ਫ਼ੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਪੱਤਰ ਨੂੰ ਲਾਰਾ ਪੱਤਰ ਕਰਾਰ ਦਿੱਤਾ ਗਿਆ। ਉਧਰ ਸਿਵਲ ਹਸਪਤਾਲ ਕੰਪਲੈਕਸ ਵਿਖੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ 9ਵੇਂ ਦਿਨ ਵੀ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਡਟਿਆ ਹੋਇਆ ਹੈ ਜਦੋਂ ਕਿ ਹੇਠਾਂ ਬੇਰੁਜ਼ਗਾਰ ਅਧਿਆਪਕਾਂ ਦਾ ਪੱਕਾ ਧਰਨਾ ਜਾਰੀ ਹੈ।
ਬੇਰੁਜ਼ਗਾਰ ਅਧਿਆਪਕ ਧਰਨੇ ਵਾਲੀ ਥਾਂ ਤੋਂ ਰੋਸ ਮਾਰਚ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਡੀਸੀ ਦਫ਼ਤਰ ਅੱਗੇ ਪੁੱਜੇ ਅਤੇ 30 ਅਗਸਤ ਦੀ ਪੈਨਲ ਮੀਟਿੰਗ ਰੱਦ ਹੋਣ ’ਤੇ ਬੇਰੁਜ਼ਗਾਰ ਅਧਿਆਪਕਾਂ ਵਲੋਂ ਮੀਟਿੰਗ ਵਾਲਾ ਸਰਕਾਰੀ ਪੱਤਰ ਫੂਕਿਆ ਗਿਆ। ਇਸ ਮੌਕੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ 25 ਅਗਸਤ ਨੂੰ ਪਟਿਆਲਾ ਪ੍ਰਸ਼ਾਸ਼ਨ ਵਲੋਂ 30 ਅਗਸਤ ਦੀ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਸੀ ਅਤੇ ਲਿਖਤੀ ਪੱਤਰ ਦਿੱਤਾ ਗਿਆ ਸੀ ਪਰੰਤੂ ਪੈਨਲ ਮੀਟਿੰਗ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਹੈ ਜਿਸ ਤੋਂ ਬੇਰੁਜ਼ਗਾਰ ਅਧਿਆਪਕ ਖਫ਼ਾ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਮੀਟਿੰਗਾਂ ਦੇ ਲਾਰੇ ਲਗਾਉਣ ਲਈ ਲਿਖਤੀ ਪੱਤਰ ਦੇ ਕੇ ਡੰਗ ਟਪਾਇਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਪੁਲੀਸ ਤੋਂ ਲਾਠੀਚਾਰਜ ਅਤੇ ਪੁਲੀਸ ਕੇਸ ਦਰਜ ਕਰਨ ਮਗਰੋਂ ਦਿੱਤੀਆਂ ਮੀਟਿੰਗਾਂ ਵਿਚ ਲਾਰਾ ਸਾਬਤ ਹੋ ਰਹੀਆਂ ਹਨ। ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਬਲਰਾਜ ਸਿੰਘ ਮੌੜ, ਬਲਕਾਰ ਸਿੰਘ ਮਾਘਾਣੀਆਂ, ਗਗਨਦੀਪ ਕੌਰ, ਗੁਰਪ੍ਰੀਤ ਸਿੰਘ ਤਰਨਤਾਰਨ, ਪ੍ਰਵੀਨ ਕੌਰ, ਬੱਬਲ ਜੀਤ ਕੌਰ ਬਠਿੰਡਾ, ਅਵਤਾਰ ਸਿੰਘ ਹਰੀਗੜ੍ਹ, ਗੁਰਦੀਪ ਸਿੰਘ ਅਤੇ ਜਸਵਿੰਦਰ ਸਿੰਘ ਬਰਨਾਲਾ, ਨਿਰਭੈ ਸਿੰਘ ਅਤੇ ਸੁਰਜੀਤ ਸਿੰਘ ਮਾਧੋਪੁਰ ਪਟਿਆਲਾ, ਰੁਪਿੰਦਰ ਕੌਰ ਅੰਮ੍ਰਿਤਸਰ, ਰਣਦੀਪ ਸਿੰਘ ਅਤੇ ਕੁਲਵੰਤ ਲੌਂਗੋਵਾਲ, ਰਾਜ ਸਿੰਘ ਅਤੇ ਰਛਪਾਲ ਸਿੰਘ ਫਿਰੋਜ਼ਪੁਰ, ਸੱਤਪਾਲ ਸਿੰਘ ਅਤੇ ਸੁਨੀਲ ਕੁਮਾਰ ਫਾਜ਼ਿਲਕਾ, ਮਨਪ੍ਰੀਤ ਕੌਰ ਅਤੇ ਮਗਨ ਦੀਪ ਕੌਰ ਆਦਿ ਸ਼ਾਮਲ ਸਨ।