ਨਿਜੀ ਪੱਤਰ ਪ੍ਰੇਰਕ
ਸੰਗਰੂਰ, 19 ਅਕਤੂਬਰ
ਪਿਛਲੇ ਕਰੀਬ ਦੋ ਮਹੀਨਿਆਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇਥੇ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਟੈਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕ ਮੁਨੀਸ਼ ਫਾਜ਼ਿਲਕਾ ਦੀ ਸਿਹਤ ਵਿਗੜਨ ਲੱਗੀ ਹੈ। ਯੂਨੀਅਨ ਅਨੁਸਾਰ ਮੁਨੀਸ਼ ਲੱਤਾਂ ਵਿਚ ਦਰਦ ਮਹਿਸੂਸ ਕਰ ਰਿਹਾ ਹੈ ਅਤੇ ਉਸ ਨੂੰ ਪਿਸ਼ਾਬ ਕਰਨ ਵਿਚ ਤਕਲੀਫ਼ ਹੋ ਰਹੀ ਹੈ ਜਿਸ ਦੇ ਚਲਦਿਆਂ ਅੱਜ ਮੁਨੀਸ਼ ਦੀ ਸਿਹਤ ਦੀ ਜਾਂਚ ਲਈ ਖੂਨ ਦੇ ਨਮੂਨੇ ਲਏ ਗਏ ਹਨ।
ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਬੀਤੀ 21 ਅਗਸਤ ਤੋਂ ਇਥੇ ਸਿਵਲ ਹਸਪਤਾਲ ਕੰਪਲੈਕਸ ਵਿਚ ਸਥਿਤ ਕਰੀਬ ਸੌ ਫੁੱਟ ਉੱਚੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ ਜਦੋਂ ਕਿ ਯੂਨੀਅਨ ਵਲੋਂ ਟੈਂਕੀ ਹੇਠਾਂ ਪੱਕਾ ਮੋਰਚਾ ਲਗਾਇਆ ਹੋਇਆ ਹੈ। ਬੇਰੁਜ਼ਗਾਰ ਟੈੱਟ ਪਾਸ ਬੀ.ਐੱਡ. ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਮੁਨੀਸ਼ ਦੀਆਂ ਲੱਤਾਂ ਵਿਚ ਦਰਦ ਹੋ ਰਿਹਾ ਹੈ ਅਤੇ ਉਸ ਦੇ ਲਿਵਰ ਦੀ ਇਨਫੈਕਸ਼ਨ ਵਧੀ ਹੋਈ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਹੀ ਨਿੱਜੀ ਲੈਬੋਰਾਟਰੀ ਰਾਹੀਂ ਖੂਨ ਦੇ ਨਮੂਨੇ ਲਏ ਗਏ ਹਨ ਜਦੋਂ ਕਿ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜੇ ਤੱਕ ਮੁਨੀਸ਼ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅਤੇ ਨਾ ਹੀ ਉਸ ਦੀ ਸਿਹਤ ਦੀ ਜਾਂਚ ਲਈ ਕੋਈ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਅਧਿਆਪਕ ਮਾਸਟਰ ਕੇਡਰ ਦੀਆਂ ਅਸਾਮੀਆਂ ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ ਪਰੰਤੂ ਸਰਕਾਰ ਵਲੋਂ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ ਜਦੋਂ ਕਿ ਅਮਲੀ ਰੂਪ ਵਿਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਸਿਰਫ਼ ਹਵਾਈ ਦੌਰਿਆਂ ਵਿਚ ਰੁਝੇ ਹੋਏ ਹਨ ਜਦੋਂ ਕਿ ਘਰ-ਘਰ ਰੁਜ਼ਗਾਰ ਦੇ ਵਾਅਦੇ ਨੂੰ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਰਿੰਡਾ ਪ੍ਰਸ਼ਾਸਨ ਨੇ ਯੂਨੀਅਨ ਦੀ 25 ਅਕਤੂਬਰ ਦੀ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਹੈ। ਜੇਕਰ ਮੀਟਿੰਗ ਦੌਰਾਨ ਠੋਸ ਹੱਲ ਨਾ ਨਿਕਲਿਆ ਤਾਂ 27 ਅਕਤੂਬਰ ਨੂੰ ਮੁੜ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਹਰਦਮ ਸਿੰਘ, ਕੁਲਦੀਪ ਕੌਰ ਕਾਂਝਲਾ, ਇਕਬਾਲ ਸਿੰਘ ਨਿਆਮਤਪੁਰ, ਰਾਜਬੀਰ ਕੌਰ, ਤਾਹਿਰਾ, ਹਰਪ੍ਰੀਤ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਜਿਓਤੀ ਵਰਮਾ, ਕੁਲਵਿੰਦਰ ਕੌਰ, ਸੁਨੀਤਾ ਰਾਣੀ, ਬਿੰਦਰ ਕੌਰ, ਬਲਕਾਰ ਸਿੰਘ ਬੁਢਲਾਡਾ ਆਦਿ ਮੌਜੂਦ ਸਨ।