ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜਨਵਰੀ
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਲੱਗਿਆ ਮੋਰਚਾ ਅੱਜ 25ਵੇਂ ਦਿਨ ਵੀ ਜਾਰੀ ਰਿਹਾ। ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਵਿਚ ਪਿੰਡ-ਪਿੰਡ ਜਾ ਕੇ ਪ੍ਰਚਾਰ ਚਲਾ ਰਹੇ ਬੇਰੁਜ਼ਗਾਰਾਂ ਨੇ ਨੇੜਲੇ ਪਿੰਡ ਸੋਹੀਆਂ ਵਿੱਚ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ। ਇਸ ਮੌਕੇ ਬੇਰੁਜ਼ਗਾਰ ਮੋਰਚੇ ਦੇ ਆਗੂ ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ, ਜਗਸੀਰ ਸਿੰਘ ਘੁਮਾਣ, ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਕਾਂਗਰਸ ਸਰਕਾਰ ਘਰ ਘਰ ਰੁਜ਼ਗਾਰ ਦੇ ਲਾਰੇ ਤੋਂ ਭੱਜ ਚੁੱਕੀ ਹੈ ਅਤੇ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਸਮੁੱਚੇ ਬੇਰੁਜ਼ਗਾਰਾਂ ਲਈ ਰੁਜ਼ਗਾਰ ਲਈ 31 ਜਨਵਰੀ ਨੂੰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਇਕੱਠ ਕਰੇਗਾ। ਇਥੇ ਹੋਣ ਵਾਲੀ ਮਹਾ ਰੈਲੀ ਦੌਰਾਨ ਪੰਜਾਬ ਸਰਕਾਰ ਦੇ ਚੋਣ ਵਾਅਦੇ ਚੇਤੇ ਕਰਵਾਏ ਜਾਣਗੇ ਕਿਉਂਕਿ ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਚੁੱਕੀ ਹੈ। ਇਸ ਮੌਕੇ ਬੇਰੁਜ਼ਗਾਰਾਂ ਨੇ ਪਿੰਡ ਵਿੱਚ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇ ਲਿਖਣ ਦੀ ਮੁਹਿੰਮ ਵੀ ਚਲਾਈ ਅਤੇ 31 ਜਨਵਰੀ ਨੂੰ ਸੰਗਰੂਰ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਬਚਿੱਤਰ ਸਿੰਘ, ਗੁਰਦੀਪ ਰਾਮਗੜ, ਕੁਲਦੀਪ ਸਿੰਘ ਪ੍ਰਧਾਨ ਸੋਹੀਆਂ, ਪੁਸ਼ਪਿੰਦਰ ਭੁੱਲਰ, ਬਲਦੇਵ ਸ਼ਰਮਾ, ਅਮ੍ਰਿਤਪਾਲ ਸਿੰਘ, ਬਿੰਦਰ ਸਿੰਘ ਭੁੱਲਰ, ਹਰਜੀਤ ਕੁਮਾਰ ਸ਼ਰਮਾ, ਜਸਵਿੰਦਰ ਜੱਗਾ, ਗੁਰਦੀਪ ਸਿੰਘ, ਬਲਦੇਵ ਸਿੰਘ ਸੋਹੀ, ਦੇਵ ਸਿੰਘ ਭੁੱਲਰ, ਬਲਵੀਰ ਸਿੰਘ ਆਦਿ ਸ਼ਾਮਿਲ ਸਨ।