ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਅਗਸਤ
ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਪਿਛਲੇ ਕਰੀਬ 222 ਦਿਨਾਂ ਤੋਂ ਇੱਥੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ’ਤੇ ਡਟੇ ਹੋਏ ਹਨ। ਬੇਰੁਜ਼ਗਾਰਾਂ ਵੱਲੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਅਤੇ ਸੰਘਰਸ਼ ਦੇ ਹੱਕ ਵਿੱਚ ਬੋਲੀਆਂ ਪਾ ਕੇ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਕਾਫ਼ਲੇ ਦੇ ਰੂਪ ਵਿਚ ਪਿੰਡ ਥਲੇਸਾਂ, ਗੁਰਦਾਸਪੁਰਾ, ਮੰਗਵਾਲ ਆਦਿ ਵਿਖੇ ਮਾਰਚ ਕਰਦਿਆਂ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਗਿਆ।
ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇਣ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ ਅਤੇ ਪਿਛਲੇ ਕਰੀਬ ਸਾਢੇ ਸੱਤ ਮਹੀਨਿਆਂ ਤੋਂ ਬੇਰੁਜ਼ਗਾਰ ਪੱਕੇ ਮੋਰਚੇ ’ਤੇ ਰੁਜ਼ਗਾਰ ਦੀ ਉਡੀਕ ਵਿੱਚ ਬੈਠੇ ਹਨ। ਪੱਕੇ ਮੋਰਚੇ ਦੌਰਾਨ ਬੇਰੁਜ਼ਗਾਰ ਲੜਕੀਆਂ ਵੱਲੋਂ ਬੋਲੀਆਂ ਪਾ ਸਰਕਾਰ ਨੂੰ ਤਾਹਨੇ-ਮਿਹਣੇ ਮਾਰੇ ਗਏ। ਬੋਲੀਆਂ ਵਿੱਚ ‘ਆਰੀ- ਆਰੀ-ਆਰੀ, ਹਾਕਮੋਂ ਸ਼ਰਮ ਕਰੋ, ਵਧ ਗਈ ਬੇਰੁਜ਼ਗਾਰੀ’, ‘ਤੇਰੀ ਪਾਰਟੀ ਨੂੰ ਅੱਗ ਲੱਗ ਜਾਵੇ, ਨੌਕਰੀ ਨਾ ਦੇਵੇ ਰਾਜਿਆ’, ‘ਤੇਰੀ ਜੀਭ ਤੇ ਭਰਿੰਡ ਲੜ ਜਾਵੇ, ਝੂਠੀ ਸੌਂਹ ਖਾਣ ਵਾਲਿਆ’ , ‘ਵਗਦੀ ਨਦੀ ਦੇ ਵਿੱਚ ਸੁੱਟਦੀ ਸੀ ਗੋਲੀਆਂ, ਕਾਹਦੀਆਂ ਨੇ ਤੀਆਂ, ਧੀਆਂ ਸੜਕਾਂ ’ਤੇ ਰੋਲੀਆਂ’, ‘ਗੱਲ ਨੀਂ ਸੁਣਦਾ ਸਿੱਖਿਆ ਮੰਤਰੀ ਜ਼ੋਰ ਬਥੇਰਾ ਲਾਇਆ, ਬੇਰੁਜ਼ਗਾਰਾਂ ਨੇ ਦਰ ’ਤੇ ਸੱਥਰ ਵਿਛਾਇਆ।’ ਇਸ ਮਗਰੋਂ ਬੇਰੁਜ਼ਗਾਰਾਂ ਨੇ ਰੋਸ ਮਾਰਚ ਵੀ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਰਚੇ ਦੇ ਆਗੂ ਸੰਦੀਪ ਗਿੱਲ, ਬਲਕਾਰ ਸਿੰਘ ਮਘਾਨੀਆਂ, ਜਗਜੀਤ ਸਿੰਘ ਜੋਧਪੁਰ, ਅਵਤਾਰ ਸਿੰਘ ਭੁੱਲਰਹੇੜੀ, ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਮਨਪ੍ਰੀਤ ਸਿੰਘ ਬੋਹਾ, ਹਰਦੀਪ ਕੌਰ, ਕਿਰਨ ਕੌਰ ਈਸੜਾ ਆਦਿ ਹਾਜ਼ਰ ਸਨ।