ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੁਲਾਈ
ਪਿਛਲੇ 11 ਸਾਲਾਂ ਤੋਂ ਬਿਨਾਂ ਕਸੂਰ ਤੋਂ ਨੌਕਰੀ ਤੋਂ ਵਾਂਝੇ ਰੱਖੇ ਗਏ ਰਿਵਾਈਜ਼ਡ ਟੈੱਟ 2011 ਪਾਸ ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ’ਤੇ ਨੌਕਰੀ ਦੇਣ ਦਾ ਵਾਅਦਾ ਪੂਰਾ ਨਾ ਕਰਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ ਰਮਿੰਦਰ ਕੌਰ ਸੰਗਰੂਰ, ਪੂਨਮ ਸੰਗਰੂਰ, ਮਨਦੀਪ ਕੌਰ ਮਲੇਰਕੋਟਲਾ, ਬਲਵੰਤ ਕੌਰ ਮਾਲੇਰਕੋਟਲਾ, ਜਸਵੀਰ ਕੌਰ ਝੁਨੀਰ, ਆਰਤੀ ਬਠਿੰਡਾ, ਜਸਪ੍ਰੀਤ ਸਿੰਘ ਨਾਭਾ ਤੇ ਲਖਵੀਰ ਸਿੰਘ ਭਵਾਨੀਗੜ੍ਹ ਆਦਿ ਬੇਰੁਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਿੱਖਿਆ ਵਿਭਾਗ ਵੱਲੋਂ 2011 ਵਿੱਚ ਲਿਆ ਗਿਆ ਪਹਿਲਾ ਟੈੱਟ ਟੈਸਟ ਦਿੱਤਾ ਸੀ। ਇਸ ਟੈਸਟ ਵਿੱਚ ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਈ ਅੰਸਰ ਕੀਜ਼ ਵਿੱਚ 4 ਪ੍ਰਸ਼ਨਾਂ ਦੇ ਉੱਤਰ ਗਲਤ ਪ੍ਰਕਾਸ਼ਿਤ ਕਰਨ ਦੀ ਵਜ੍ਹਾ ਕਾਰਨ ਉਨ੍ਹਾਂ ਨੂੰ ਫੇਲ੍ਹ ਕਰ ਦਿੱਤਾ ਗਿਆ। ਇਸ ਟੈਸਟ ਦੇ ਅਧਾਰ ’ਤੇ 2011 ਵਿੱਚ 3442 ਅਤੇ 2012 ਵਿੱਚ 5178 ਅਧਿਆਪਕ ਭਰਤੀ ਕੀਤੇ ਗਏ। ਬਾਅਦ ਵਿੱਚ ਇਨ੍ਹਾਂ 4 ਪ੍ਰਸ਼ਨਾਂ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣ ’ਤੇ ਅਦਾਲਤ ਨੇ ਗਲਤ ਕਰਾਰ ਦਿੱਤਾ ਅਤੇ 2017 ਵਿੱਚ ਅਦਾਲਤ ਨੇ ਨਤੀਜਾ ਰਿਵਾਈਜ਼ ਕਰਕੇ ਕੱਢਣ ਦਾ ਫੈਸਲਾ ਕੀਤਾ ਪਰ ਸਿੱਖਿਆ ਵਿਭਾਗ ਵੱਲੋਂ ਇਨਸਾਫ ਨਾ ਮਿਲਣ ਤੇ ਦੁਬਾਰਾ ਅਦਾਲਤ ਦਾ ਸਹਾਰਾ ਲੈਣਾ ਪਿਆ।