ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 30 ਜੁਲਾਈ
ਪਿੰਡ ਮਤੋਈ ਵਿੱਚ ਬਣ ਰਹੇ ਰੇਲਵੇ ਲਾਂਘੇ ਕਾਰਨ ਇਲਾਕੇ ਦੇ ਪਿੰਡਾਂ ਨੂੰ ਮਾਲੇਰਕੋਟਲਾ-ਲੁਧਿਆਣਾ ਮੁੱਖ ਸੜਕ ਨਾਲ ਜੋੜਨ ਵਾਲੀ ਇਸ ਸੜਕ ਦੇ ਲਾਂਘੇ ਵਿਚ ਮੀਂਹ ਪੈਣ ਕਰ ਕੇ ਮਿੱਟੀ ਦੀਆਂ ਢਿੱਗਾਂ ਡਿੱਗ ਰਹੀਆਂ ਅਤੇ ਵਾਰ-ਵਾਰ ਪਾਣੀ ਭਰ ਰਿਹਾ ਹੈ। ਇਸ ਤੋਂ ਤੰਗ ਆਏ ਇਲਾਕਾਂ ਵਾਸੀਆਂ ਨੇ ਜਗਦੇਵ ਸਿੰਘ ਮਤੋਈ, ਬਲਵਿੰਦਰ ਸਿੰਘ, ਬਚਨ ਸਿੰਘ ਅਤੇ ਟਹਿਲ ਸਿੰਘ ਦੀ ਅਗਵਾਈ ’ਚ ਆਖਿਆ ਕਿ ਮੀਂਹ ਅਤੇ ਲਾਂਘੇ ਦੇ ਦੂਜੇ ਹਿੱਸੇ ਦਾ ਕੰਮ ਚੱਲਦਾ ਹੋਣ ਕਾਰਨ ਲਗਪਗ ਇੱਕ ਦਰਜਨ ਪਿੰਡਾਂ ਦਾ ਸੰਪਰਕ ਅਕਸਰ ਲੁਧਿਆਣਾ-ਮਾਲੇਰਕੋਟਲਾ ਮਾਰਗ ਤੋਂ ਇਲਾਵਾ ਹੋਰਨਾਂ ਪਿੰਡਾਂ ਨਾਲੋਂ ਟੁੱਟ ਗਿਆ ਹੈ। ਇਲਾਕਾ ਵਾਸੀਆਂ ਨੇ ਪਿਛਲੇ ਤਿੰਨ ਸਾਲਾਂ ਤੋਂ ਲਾਂਘੇ ਦਾ ਕੰਮ ਚੱਲ ਰਿਹਾ ਹੈ ਜਦੋਂ ਵੀ ਮੀਂਹਾਂ ਦੀ ਰੁੱਤ ਆਉਂਦੀ ਹੈ ਤਾਂ ਇਲਾਕਾ ਵਾਸੀਆਂ ਲਈ ਮੁਸੀਬਤ ਬਣ ਜਾਂਦੀ ਹੈ। ਕਿਸਾਨਾਂ ਨੂੰ ਖੇਤਾਂ ਤਕ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਰਾਹਗੀਰਾਂ ਨੂੰ ਰਸਤੇ ਬਦਲ ਕੇ ਮੁੱਖ ਸੜਕ ਤੱਕ ਪਹੁੰਚਣਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਰੋਸ ਜ਼ਾਹਰ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਤੇ ਠੇਕੇਦਾਰ ਵੱਲੋਂ ਜਲਦੀ ਇਸ ਲਾਂਘੇ ਦਾ ਹੱਲ ਨਾ ਕਰਵਾਇਆ ਤਾਂ ਆਉਂਦੇ ਦਿਨਾਂ ਵਿਚ ਰੇਲਵੇ ਲਾਈਨ ’ਤੇ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਪਰਵੇਜ਼ ਮੁਹੰਮਦ ਪੰਚ, ਸਿਕੰਦਰ ਸਿੰਘ ਸਾਬਕਾ ਪੰਚ, ਅਮਰੀਕ ਸਿੰਘ ਪੰਧੇਰ, ਜਰਨੈਲ ਸਿੰਘ ਦੁਲਮਾਂ, ਦਰਸ਼ਨ ਸਿੰਘ ਪੰਚ, ਬਲਵਿੰਦਰ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਸਨ।
ਇਸ ਸਬੰਧੀ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਸ ਵੱਲੋਂ ਪਾਣੀ ਕੱਢਣ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲਗਪਗ 3 ਮਹੀਨਿਆਂ ਵਿਚ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।
ਪੁਲ ਦੇ ਪਾਣੀ ਕਾਰਨ ਦੁਕਾਨਾਂ ਤੇ ਘਰਾਂ ਨੂੰ ਨੁਕਸਾਨ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਬੀਤੀ ਰਾਤ ਪਏ ਭਾਰੇ ਮੀਂਹ ਕਾਰਨ ਰੇਲ ਲਾਈਨ ਹੇਠੋਂ ਲਾਂਘੇ ਲਈ ਬਣਿਆ ਜ਼ਮੀਨਦੋਜ਼ ਪੁਲ ਦਾ ਪਾਣੀ ਨਗਰ ਕੌਂਸਲ ਵੱਲੋਂ ਪੰਪਾਂ ਨਾਲ ਕੱਢਣ ਮਗਰੋਂ ਮੁੜ ਨੱਕੋ-ਨੱਕ ਭਰ ਕਰ ਕੇ ਸ਼ਹਿਰ ਲਈ ਆਵਾਜਾਈ ਠੱਪ ਰਹੀ। ਉਧਰ, ਪੁਲ ਦਾ ਪਾਣੀ ਪੰਪਾਂ ਨਾਲ ਬਾਹਰ ਕੱਢਣ ਕਰ ਕੇ ਇੱਥੇ ਅੜਕਵਾਸ ਸੜਕ ’ਤੇ ਨਵੇਂ ਬਣੇ ਫਰਨੀਚਰ ਸ਼ੋਅਰੂਮ ’ਚ ਪਾਣੀ ਵੜ ਗਿਆ। ਸ਼ੋਅਰੂਮ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਦੁਕਾਨ ’ਚ ਪਾਣੀ ਵੜਣ ਕਰ ਕੇ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਉਧਰ, ਲਹਿਰਾ ਵਿਕਾਸ ਮੰਚ ਦੇ ਕਨਵੀਨਰ ਐਡਵੋਕੇਟ ਵਰਿੰਦਰ ਗੋਇਲ ਦੇ ਗੋਇਲ ਰਾਈਸ ਮਿਲ ਦੀ ਤਿੰਨ ਪਾਸੇ ਦੀ ਪੱਕੀ 550 ਫੁਟ ਚਾਰਦੀਵਾਰੀ ਬਾਰਸ਼ ਕਰ ਕੇ ਡਿੱਗਣ ਨਾਲ ਕਰੀਬ ਪੰਜ ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇੱਥੋਂ ਦੇ ਵਾਰਡ ਨੰਬਰ ਅੱਠ ਦੇ ਵਸਨੀਕ ਦਾ ਘਰ ਬਾਰਸ਼ ਕਰ ਕੇ ਕਈ ਫੁੱਟ ਥੱਲੇ ਦਬ ਗਿਆ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਪੁਲ ਦਾ ਪਾਣੀ ਪੰਪਾਂ ਨਾਲ ਕੱਢਵਾ ਦਿੱਤਾ ਸੀ ਪਰ ਰਾਤ ਦੁਬਾਰਾ ਮੀਂਹ ਪੈਣ ਕਾਰਨ ਫਿਰ ਪਾਣੀ ਇਕੱਠਾ ਹੋ ਗਿਆ ਹੈ।