ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 9 ਜੁਲਾਈ
ਪੰਜਾਬ ਸਰਕਾਰ ਦੇ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਮਾਲੇਰਕੋਟਲਾ ਸ਼ਹਿਰ ਵਿੱਚ ਵਿਸ਼ੇਸ਼ ਜਾਗਰੂਕਤਾ ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਮਾਲੇਰਕੋਟਲਾ ਸ਼ਹਿਰ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਕੇਸਾਂ ਦੀ ਗਿਣਤੀ ਵਧਣ ਕਾਰਨ ਡਿਪਟੀ ਕਮਿਸ਼ਨਰ ਰਾਮਵੀਰ ਦੀ ਹਦਾਇਤ ’ਤੇ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਹੀ ਸ਼ਹਿਰ ਦੀਆਂ 100 ਤੋਂ ਵਧੇਰੇ ਨਾਮੀ ਸ਼ਖ਼ਸੀਅਤਾਂ ਨੂੰ ਨੁਮਾਇੰਦੇ ਨਿਯੁਕਤ ਕੀਤਾ ਜਾ ਰਿਹਾ ਹੈ ਜੋ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਮਾਸਕ ਤੇ ਸੈਨੇਟਾਈਜ਼ਰ ਵੀ ਵੰਡਣਗੇ। ਉਨ੍ਹਾਂ ਦੱਸਿਆ ਕਿ ‘ਰਹਿਨੁਮਾ’ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ, ਧਾਰਮਿਕ, ਸਮਾਜ ਸੇਵਾ, ਰੋਟਰੀ ਕਲੱਬ, ਵਕਾਲਤ, ਮੈਡੀਕਲ ਤੇ ਮੀਡੀਆ ਨਾਲ ਜੁੜੀਆਂ ਹਸਤੀਆਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਕੋਵਿਡ-19 ਵਿਰੁੱਧ ਜੰਗ ਜਿੱਤਣ ਲਈ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ। ਇਸ ਮੌਕੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ, ਐੱਸ.ਪੀ. ਮਨਜੀਤ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਯੂ.ਟੀ.) ਦੇਵਦਰਸ਼ਦੀਪ ਸਿੰਘ, ਡੀਐੱਸਪੀ ਸੁਮਿਤ ਸੂਦ, ਰੋਟੇਰੀਅਨ ਅਮਜ਼ਦ ਅਲੀ, ਰੋਟੇਰੀਅਨ ਡਾ. ਤਨਵੀਰ, ਰੋਟੇਰੀਅਨ ਇਕਬਾਲ ਅਹਿਮਦ, ਰੋਟੇਰੀਅਨ ਡਾ. ਨਾਵੇਦ, ਸੇਵਾਮੁਕਤ ਤਹਿਸੀਲਦਾਰ ਸਰਾਜ ਅਹਿਮਦ, ਡਾ. ਸਾਜ਼ੀਆ ਅੰਜੁਮ, ਡਾ. ਗੁਲਜ਼ਾਰ ਆਦਿ ਹਾਜ਼ਰ ਸਨ।