ਹਰਦੀਪ ਸਿੰਘ ਸੋਢੀ
ਧੂਰੀ, 2 ਜੂਨ
ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਪੰਜਾਬ ਦੇ ਉੱਘੇ ਗਾਇਕ ਤੇ ਗੀਤਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦੇ ਕਤਲ ਦੀ ਜਾਂਚ ਸੰਯੁਕਤ ਰਾਸ਼ਟਰ ਤੋਂ ਕਰਵਾਈ ਜਾਵੇ ਕਿਉਂਕਿ ਕਿ ਦੇਸ਼ ਦੀਆਂ ਜਾਂਚ ਏਜੰਸੀ ਉੱਪਰ ਪੰਜਾਬੀਆਂ ਨੂੰ ਭਰੋਸਾ ਨਹੀਂ ਰਿਹਾ। ਸ੍ਰੀ ਮਾਨ ਨੇ ਅੱਜ ਇਥੇ ਕਿਹਾ ਇਸ ਤੋਂ ਪਹਿਲਾਂ ਦੀਪ ਸਿੱਧੂ ਦੀ ਮੌਤ ਦੀ ਜਾਂਚ ਯੂਐਨ ਤੋਂ ਕਰਵਾਉਣ ਦੀ ਮੰਗ ਰੱਖੀ ਜਾ ਚੁੱਕੀ ਹੈ ਪਰ ਕੇਂਦਰ ਸਰਕਾਰ ਪੰਜਾਬੀਆਂ ਨਾਲ ਹਮੇਸ਼ਾ ਵਿਤਕਰਾ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਜੰਮੂ ਕਸ਼ਮੀਰ ਵਿੱਚ ਹਿੰਦੂ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਕੇਂਦਰ ਸਰਕਾਰ ਦੀ ਸ਼ਹਿ ’ਤੇ ਹੋ ਰਹੀ ਹੈ, ਜੰਮੂ ਕਸ਼ਮੀਰ ਦੇ ਕਸ਼ਮੀਰੀ ਪੰਡਿਤ ਵੀ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਅੰਦਰ ਹੋ ਰਹੇ ਕਤਲ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਅਸਰ ਪੰਜਾਬ ਦੇ ਵਪਾਰ ਪੈਣ ਲੱਗਾ ਹੈ। ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਸੰਗਰੂਰ ਜ਼ਿਲ੍ਹੇ ਦੀ ਹੋ ਰਹੀ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤਣਗੇ ਇਸ ਤੋਂ ਇਲਾਵਾ ਉਹ ਫਿਲਮ ਕਲਾਕਾਰ ਬਿਨੂੰ ਢਿੱਲੋਂ ਦੇ ਘਰ ਅਫਸੋਸ ਕਰਨ ਵੀ ਗਏ। ਇਸ ਮੌਕੇ ਉਨ੍ਹਾਂ ਨਾਲ ਹਰਬੰਸ ਸਿੰਘ ਸਲੇਮਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਹਰਿੰਦਰ ਸਿੰਘ ਘਨੌਰੀ ਖੁਰਦ, ਜਗਜੀਤ ਸਿੰਘ ਮੋਰਿੰਡਾ ਤੇ ਹੋਰ ਹਾਜ਼ਰ ਸਨ।