ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਤਹਿਸੀਲ ਦੇ ਸਮੂਹ ਪਬਲਿਕ ਟਾਈਪਿਸਟਾਂ, ਅਸ਼ਟਾਮ ਫਰੋਸ਼ਾਂ, ਅਰਜ਼ੀ ਨਵੀਸਾਂ, ਨਕਸ਼ਾ ਨਵੀਸਾਂ ਅਤੇ ਸਰਵਿਸ ਪ੍ਰੋਵਾਈਡਰਾਂ ਦਾ ਸੰਘਰਸ਼ ਪੰਜਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਖਰਾਬ ਮੌਸਮ ਦੇ ਬਾਵਜੂਦ ਆਵਾਜਾਈ ਠੱਪ ਕਰ ਕੇ ਡਟੇ ਧਰਨਕਾਰੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਦੂਜੇ ਦਿਨ ਲੜੀਵਾਰ ਭੁੱਖ ਹੜਤਾਲ ’ਤੇ ਅਮਿਤ ਵਾਲੀਆ ਅਤੇ ਕਰਮਜੀਤ ਸਿੰਘ ਬੈਠੇ ਅਤੇ ਪ੍ਰਦਰਸ਼ਨਕਾਰੀਆਂ ਵਲੋਂ ਅਣਮਿਥੇ ਸਮੇਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਯੂਨੀਅਨ ਦੇ ਚੇਅਰਮੈਨ ਜਿਤੇਸ਼ ਕਪਿਲ ਨੀਰੂ, ਪ੍ਰਾਪਰਟੀ ਡੀਲਰ ਕੁਲਦੀਪ ਸਿੰਘ, ਪ੍ਰਧਾਨ ਮਨੀ ਕਥੂਰੀਆ ਅਤੇ ਸਮਾਜ ਸੇਵੀ ਮਹਿੰਦਰ ਸਿੰਘ ਭੱਠਲ ਨੇ ਮੰਗ ਕੀਤੀ ਕਿ ਸਰਵਿਸ ਪ੍ਰੋਵਾਈਡਰਾਂ ਨੂੰ ਪੱਕੇ ਤੌਰ ’ਤੇ ਲਾਇਸੈਂਸ ਜਾਰੀ ਕੀਤੇ ਜਾਣ।