ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਸਤੰਬਰ
ਸੰਗਰੂਰ ਤਹਿਸੀਲ ਦੇ ਸਮੂਹ ਪਬਲਿਕ ਟਾਈਪਿਸਟਾਂ, ਅਸ਼ਟਾਮ ਫਰੋਸ਼ਾਂ, ਅਰਜ਼ੀ ਨਵੀਸਾਂ, ਨਕਸ਼ਾ ਨਵੀਸਾਂ ਅਤੇ ਸਰਵਿਸ ਪ੍ਰੋਵਾਈਡਰਾਂ ਵੱਲੋਂ ਸੰਘਰਸ਼ ਦੇ ਚੌਥੇ ਦਿਨ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨ ਦਿਨਾਂ ਤੋਂ ਤਹਿਸੀਲ ਕੰਪਲੈਕਸ ਦੇ ਅਹਾਤੇ ਵਿੱਚ ਚੱਲ ਰਿਹਾ ਸੰਘਰਸ਼ ਅੱਜ ਚੌਥੇ ਦਿਨ ਡੀ.ਸੀ. ਦਫ਼ਤਰ ਦੇ ਬਾਜ਼ਾਰ ਵਾਲੇ ਗੇਟ ਅੱਗੇ ਮੁੱਖ ਸੜਕ ’ਤੇ ਪੁੱਜ ਗਿਆ ਹੈ ਜਿਥੇ ਪ੍ਰਦਰਸ਼ਨਕਾਰੀਆਂ ਵੱਲੋਂ ਬਾਜ਼ਾਰ ਵਾਲੀ ਸੜਕ ਉੱਪਰ ਆਵਾਜਾਈ ਠੱਪ ਕਰਕੇ ਮੋਰਚਾ ਲਗਾ ਦਿੱਤਾ ਹੈ। ਅੱਜ ਅਮਿਤ ਵਾਲੀਆ ਅਤੇ ਸੁਖਲੈਖ ਸਿੰਘ ਸੁੱਖੀ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਅਣਮਿਥੇ ਸਮੇਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਉਧਰ ਮੁਕੰਮਲ ਹੜਤਾਲ ਕਾਰਨ ਤਹਿਸੀਲ ਕੰਪਲੈਕਸ ਵਿਚ ਲਗਾਤਾਰ ਚੌਥੇ ਦਿਨ ਵੀ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਰਿਹਾ। ਅਸ਼ਟਾਮਾਂ ਦੀ ਵਿਕਰੀ ਅਤੇ ਰਜਿਸਟਰੀਆਂ ਦੇ ਕੰਮਕਾਜ ਨੂੰ ਲੱਗੀਆਂ ਬਰੇਕਾਂ ਕਾਰਨ ਸਰਕਾਰੀ ਖਜ਼ਾਨੇ ਨੂੰ ਆਰਥਿਕ ਤੌਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਯੂਨੀਅਨ ਦੇ ਚੇਅਰਮੈਨ ਜਿਤੇਸ਼ ਕਪਿਲ ਨੀਰੂ, ਪ੍ਰਧਾਨ ਮਨੀ ਕਥੂਰੀਆ ਅਤੇ ਸਕੱਤਰ ਸੌਰਵ ਅਰੋੜਾ ਨੇ ਕਿਹਾ ਕਿ ਤਿੰਨ ਦਿਨਾਂ ਤੋਂ ਸਮੂਹ ਪਬਲਿਕ ਟਾਈਪਿਸਟ, ਅਰਜ਼ੀ ਨਵੀਸ, ਅਸ਼ਟਾਮ ਫਰੋਸ ਆਦਿ ਕੰਮ ਕਾਜ ਠੱਪ ਕਰਕੇ ਧਰਨੇ ’ਤੇ ਡਟੇ ਹੋਏ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸਾਰ ਤੱਕ ਨਹੀਂ ਲਈ ਗਈ।