ਪੱਤਰ ਪ੍ਰੇਰਕ
ਲਹਿਰਾਗਾਗਾ, 12 ਜੂਨ
ਸਬ ਡਿਵੀਜ਼ਨ ਲਹਿਰਾਗਾਗਾ ਦੇ ਦੋ ਪਿੰਡਾਂ ਰਾਏਧਰਾਣਾ ਅਤੇ ਜਲੂਰ ਵਾਸੀਆਂ ਵਿਚਾਲੇ ਪਾਣੀ ਦੇ ਨਿਕਾਸ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਹੋਣ ਕਰਕੇ ਦੋਹੇ ਧਿਰਾਂ ਪੁਲੀਸ ਤੱਕ ਪਹੁੰਚ ਗਈਆਂ ਹਨ।
ਪਿੰਡ ਰਾਏਧਰਾਣਾ ਦੇ ਨੰਬਰਦਾਰ ਮੋਦਨ ਸਿੰਘ, ਸਰਪੰਚ ਪਰਮਿੰਦਰ ਸਿੰਘ ਅਤੇ ਮੱਘਰ ਸਿੰਘ ਕਲੇਰ ਨੇ ਦੱਸਿਆ ਕਿ ਪਿੰਡ ਰਾਏਧਰਾਣਾ-ਜਲੂਰ ਦੇ ਵਿਚਾਲੇ ਕਰੀਬ 70 ਸਾਲ ਪੁਰਾਣੀ ਨਹਿਰ ਲੰਘਦੀ ਹੈ ਪਰ ਰਾਏਧਰਾਣਾ ਹਿੱਸਾ ਦੇ ਮੀਂਹ ਦੇ ਪਾਣੀ ਲਈ ਕੋਈ ਡਰੇਨ ਜਾਂ ਨਿਕਾਸੀ ਪ੍ਰਬੰਧ ਨਹੀਂ ਹੈ ਜਿਸ ਕਰਕੇ ਕਰਕੇ ਕਰੀਬ ਪੰਜ ਸੌ ਏਕੜ ਰਕਬੇ ’ਚ ਪਾਣੀ ਖੜ੍ਹਨ ਕਾਰਨ ਫਸਲ ਬਰਬਾਦ ਹੋ ਜਾਂਦੀ ਹੈ। ਪਿੰਡ ਦੀ ਪੰਚਾਇਤ ਨੇ ਬਾਕਾਇਦਾ ਪੁਰਾਣਾ ਸਾਈਫਨ ਮਨਜ਼ੂਰ ਕਰਵਾ ਕੇ ਨਹਿਰੀ ਵਿਭਾਗ ਕੋਲ 2.16 ਲੱਖ ਰੁਪਏ ਭਰਕੇ ਭੜੋਲੀਆਂ ਪਾਉਣ ਲਈ ਕੰਮ ਦੀ ਸ਼ੁਰੂਆਤ ਕਰਨੀ ਚਾਹੀ ਤਾਂ ਪਿੰਡ ਜਲੂਰ ਵਾਸੀਆਂ ਨੇ ਇਕੱਠੇ ਹੋਕੇ ਰਾਏਧਰਾਣਾ ਦੇ ਪਾਣੀ ਨੂੰ ਜਲੂਰ ਦੀ ਡਰੇਨ ’ਚ ਪਾਉਣ ਦਾ ਵਿਰੋਧ ਕਰਕੇ ਕੰਮ ਰੋਕ ਦਿੱਤਾ। ਪਿੰਡ ਰਾਏਧਰਾਣਾ ਵਾਸੀਆਂ ਦਾ ਤਰਕ ਹੈ ਕਿ ਇਥੋ ਪਹਿਲਾਂ ਸਾਈਫਨ ਨਹਿਰ ਦੇ ਹੇਠ ਲੰਘਦਾ ਸੀ ਪਰ ਨਹਿਰ ਪੱਕੀ ਹੋਣ ਮਗਰੋਂ ਮਸਲਾ ਬੰਨ੍ਹ ਬਣ ਕੇ ਪਿੰਡ ਦੀ ਫਸਲ ਨੂੰ ਤਬਾਹ ਕਰਨ ਲੱਗਾ ਹੈ।
ਜਲੂਰ ਵਾਸੀ ਗੁਰਪ੍ਰੀਤ ਸਿੰਘ, ਰਾਮਫਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੀ ਡਰੇਨ ਪਹਿਲਾਂ ਹੀ ਨੁਕਸਦਾਰ ਹੋਣ ਕਰਕੇ ਕਿਸਾਨਾਂ ਦੀ ਫਸਲ ਹਰ ਸਾਲ ਖਰਾਬ ਹੁੰਦੀ ਹੈ ਅਤੇ ਪਾਣੀ ਦਾ ਮਿਕਦਾਰ ਹੋ ਵੱਧਣ ਨਾਲ ਜਲੂਰ ਦਾ ਵੱਧ ਨੁਕਸਾਨ ਹੋਵੇਗਾ। ਨਹਿਰੀ ਵਿਭਾਗ ਦੇ ਜੇਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਨਹਿਰ ਦੇ ਸਾਈਫਨ ’ਚੋਂ ਭੜੋਲੀਆਂ ਪਾ ਕੇ ਨਹਿਰੀ ਪਾਣੀ ਲੰਘਾਉਣਾ ਸੀ ਪਰ ਹੁਣ ਦੋਹਾਂ ਪਿੰਡਾਂ ’ਚ ਮਸਲਾ ਉਲਝਣ ਕਰਕੇ ਪੁਲੀਸ ਤੱਕ ਪਹੁੰਚ ਗਿਆ ਹੈ ਅਤੇ ਹਾਲ ਦੀ ਘੜੀ ਕੰਮ ਰੁਕ ਗਿਆ ਹੈ।