ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਕਤੂਬਰ
ਖਰੀਦ ਪ੍ਰਕਿਰਿਆ ਨੂੰ ਲੈ ਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਝੋਨੇ ਅਤੇ ਚਾਵਲ ਦੀ ਆਮਦ ਨੂੰ ਰੋਕ ਲਾਉਣ ਲਈ ਜ਼ਿਲ੍ਹਾ ਪੱਧਰ ’ਤੇ ਗਠਿਤ ਟੀਮਾਂ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਯੂਪੀ ਤੋਂ ਆਏ ਪਰਮਲ ਚੌਲਾਂ ਦੇ ਦੋ ਟਰੱਕਾਂ ਨੂੰ ਮੂਨਕ ਨਾਕੇ ’ਤੇ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 648 ਕੁਇੰਟਲ ਚੌਲ ਬਰਾਮਦ ਕਰਕੇ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਬੂ ਕੀਤੇ ਟਰੱਕਾਂ ਵਿੱਚੋਂ ਕਰੀਬ 648 ਕੁਇੰਟਲ ਪਰਮਲ ਚੌਲ ਬਰਾਮਦ ਹੋਇਆ ਹੈ, ਜਿਸਨੂੰ ਗੈਰ ਕਾਨੂੰਨੀ ਤਰੀਕੇ ਨਾਲ ਸੈਲਰਾਂ ਤੱਕ ਪਹੁੰਚਾਉਣ ਦੀ ਯੋਜਨਾ ਸੀ। ਉਨ੍ਹਾਂ ਕਿਹਾ ਕਿ ਨਾਕੇ ’ਤੇ ਤਾਇਨਾਤ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਪੁਲੀਸ ਪਾਰਟੀ ਨੇ ਗਲਤ ਬਿੱਲ ਤੇ ਗੈਰ ਸਟੇਟ ਦਾ ਮਾਲ ਜ਼ਿਲ੍ਹੇ ’ਚ ਦਾਖਲ ਕਰਨ ਦੇ ਦੋਸ਼ ਹੇਠ ਕਾਰਵਾਈ ਅਮਲ ’ਚ ਲਿਆ ਕੇ ਦੋਵੇਂ ਟਰੱਕ ਜ਼ਬਤ ਕਰਕੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਯੂ.ਪੀ. ਤੋਂ ਆਈਆਂ ਪਰਮਲ ਚੌਲਾਂ ਦੀਆਂ ਦੋਵੇਂ ਗੱਡੀਆਂ ’ਚ ਇਕ ਟਰੱਕ ’ਚ ਕਰੀਬ 349.40 ਤੇ ਦੂਜੀ ਗੱਡੀ ’ਚ 298.80 ਕੁਇੰਟਲ ਮਾਲ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਭੈੜੇ ਲੋਕਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਕਾਰਜਾਂ ਕਾਰਨ ਸਬੰਧਤ ਰਾਜ ਦੇ ਕਿਸਾਨਾਂ ਨੂੰ ਫਸਲ ’ਚ ਮੁਸ਼ਕਿਲ ਪੇਸ਼ ਆਉਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਹਰੋਂ ਆਉਣ ਵਾਲੀ ਫਸਲ ਨੂੰ ਰੋਕਣ ਲਈ, ਮਾੜੀ ਮਨਸ਼ਾ ਨਾਲ ਦੂਜੇ ਰਾਜਾਂ ਤੋਂ ਆਪਣੀ ਫਸਲ ਲੈ ਕੇ ਆਉਣ ਵਾਲੇ ਵਿਅਕਤੀਆਂ ਬਾਰੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਵਿਅਕਤੀ ਜਿਨ੍ਹਾਂ ਦਾ ਮੰਤਵ ਆਪਣੇ ਲਾਭ ਲਈ ਦੂਜੀ ਸਟੇਟ ਦੇ ਲੋਕਾਂ ਤੇ ਸਰਕਾਰ ਨੂੰ ਨੁਕਸਾਨ ਪਹੁੰਚਾਉਣਾ ਹੈ, ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਪਹਿਲਾਂ ਨਰਿੰਦਰ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈ ਕਟਰੋਲਰ ਨੇ ਦੱਸਿਆ ਕਿ ਵਿਭਾਗ ਵੱਲੋਂ ਪੁਲੀਸ ਪਾਰਟੀਆਂ ਨਾਲ ਤਾਲਮੇਲ ਕਰਕੇ ਇਸ ਗੈਰ-ਕਾਨੂੰਨੀ ਕਾਰਵਾਈ ਨੂੰ ਨੱਥ ਪਾਉਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।
ਬਾਹਰੋਂ ਆਇਆ 500 ਬੋਰੀਆਂ ਚੌਲਾਂ ਨਾਲ ਭਰਿਆ ਟਰੱਕ ਕਾਬੂ
ਲਹਿਰਾਗਾਗਾ (ਪੱਤਰ ਪ੍ਰੇਰਕ) ਲਹਿਰਾਗਾਗਾ ਦੇ ਸਹਾਇਕ ਖੁਰਾਕ ਅਤੇ ਸਪਲਾਈਜ਼ ਅਫਸਰ ਹਰਪ੍ਰੀਤ ਸਿੰਘ ਮੋਤੀ ਨੇ ਦੱਸਿਆ ਕਿ ਦੂਜੇ ਦਿਨ ਵੀ ਵਿਭਾਗ, ਮਾਰਕਿਟ ਕਮੇਟੀ ਅਤੇ ਪੁਲੀਸ ਨੇ ਪੰਜਾਬ-ਹਰਿਆਣਾ ਦੀ ਹੱਦ ’ਤੇ ਇੱਕ ਟਰੱਕ ਆਰਜੇ 07 ਜੀਬੀ 7531 ਨੂੰ ਰੋਕਿਆ ਤਾਂ ਉਸਦੇ ਡਰਾਈਵਰ ਦਾਨਾ ਰਾਮ ਮੱਕੜਸਰ ਰਾਜਸਥਾਨ ਨੇ ਮੈਸ. ਅਗਰਵਾਲ ਰਾਈਸ ਮਿਲ ਸਹਿਜਨਪੁਰ ਯੂਪੀ ਤੋਂ ਦਲੀਪ ਚੰਦ ਰਾਈਸ ਮਿੱਲ ਐਂਡ ਜਰਨਲ ਮਿਲ ਜਾਖਲ ਹਰਿਆਣਾ ਭੇਜਣ ਦਾ ਬਿੱਲ ਦਿਖਾਇਆ। ਟਰੱਕ ’ਚ ਪਰਮਲ ਚੌਲਾਂ ਦੀਆਂ 500 ਬੋਰੀਆਂ, 298.80 ਕੁਇੰਟਲ ਚੌਲ ਸਨ। ਪੰਜਾਬ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਝੋਨਾ/ ਚੌਲ ਆਉਣ ਤੋਂ ਰੋਕਣ ਲਈ ਨਾਕਾਬੰਦੀ ਅਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਕਥਿਤ ਗਲਤ ਬਿੰਲਿਗ ਦਿਖਾ ਕੇ ਪੰਜਾਬ ਵਿੱਚ ਖਰੀਦ ਸੀਜ਼ਨ 20-21 ਦੌਰਾਨ ਪੰਜਾਬ ਸਰਕਾਰ ਨਾਲ ਧੋਖਾਦੇਹੀ ਕਰਕੇ ਵਿੱਤੀ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਟਰੱਕ ਡਰਾਈਵਰ ਦਾਨਾ ਰਾਮ ਨੂੰ ਮੌੇਕੇ ’ਤੇ ਹੀ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੁਲੀਸ ਵੱਲੋਂ 420,120ਬੀ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।