ਪੱਤਰ ਪ੍ਰੇਰਕ
ਸ਼ੇਰਪੁਰ, 14 ਫਰਵਰੀ
ਪਿੰਡ ਵਜੀਦਪੁਰ ਬਧੇਸਾ ਵਿਖੇ ਬੀਤੀ ਰਾਤ ਖੇਤਾਂ ’ਚੋਂ ਦੋ ਟਰਾਂਸਫਾਰਮਰ ਚੋਰੀ ਹੋ ਗਏ ਹਨ। ਇਸੇ ਦੌਰਾਨ ਸ਼ੇਰਪੁਰ ’ਚ ਮੋਟਰਸਾਈਕਲ ਦੀ ਟਰਾਈ ਲੈਣ ਗਿਆ ਵਿਅਕਤੀ ਵਹੀਕਲ ਲੈ ਕੇ ਫਰਾਰ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਜ਼ੀਦਪੁਰ ਬਧੇਸਾ ਵਿੱਚ ਬੀਤੀ ਰਾਤ ਚੋਰਾਂ ਨੇ ਸਾਬਕਾ ਸਰਪੰਚ ਨਰਪਿੰਦਰ ਸਿੰਘ ਦੀ ਬਧੇਸਾ-ਗੰਡੇਵਾਲ ਸੜਕ ’ਤੇ ਲੱਗਦੀ ਜ਼ਮੀਨ ਵਾਲੀ ਮੋਟਰ ਤੋਂ 16 ਕੇਵੀਏ ਦਾ ਟਰਾਂਸਫਾਰਮਰ ਚੋਰੀ ਕਰ ਲਿਆ ਹੈ। ਇੰਜ ਹੀ ਕਿਸਾਨ ਬਲਵੀਰ ਸਿੰਘ ਦੇ ਖੇਤ ’ਚੋਂ ਵੀ 16 ਕੇਵੀਏ ਦਾ ਟਰਾਂਸਫਾਰਮਰ ਚੋਰੀ ਹੋਇਆ ਹੈ। ਕਿਸਾਨ ਬਿੱਲੂ ਸਿੰਘ ਨੇ ਦੱਸਿਆ ਕਿ ਪਾਵਰਕੌਮ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਭਲਕੇ ਪਾਵਰਕੌਮ ਕੋਲ ਲੋੜੀਦੀ ਕਾਰਵਾਈ ਪੂਰੀ ਕਰਨ ਮਗਰੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਇਸੇ ਦੌਰਾਨ ਸ਼ੇਰਪੁਰ ਦੇ ਮੋਟਰਸਾਈਕਲ ਵਿਕਰੇਤਾ ਗੌਰਵ ਸਿੰਗਲਾ ਦੀ ਦੁਕਾਨ ’ਤੇ ਇੱਕ ਵਿਅਕਤੀ ਆਇਆ ਜਿਸ ਮੋਟਰਸਾਈਕਲ ਪਸੰਦ ਕਰਕੇ ਉਸਦੀ ਟਰਾਈ ਲੈਣ ਗਿਆ ਰਫੂਚੱਕਰ ਹੋ ਗਿਆ ਉਂਜ ਸਬੰਧਤ ਵਿਅਕਤੀ ਦੀ ਤਸਵੀਰ ਕੈਮਰੇ ’ਚ ਕੈਦ ਹੋ ਗਈ ਹੈ ਅਤੇ ਇਸ ਸਬੰਧੀ ਸਬੰਧਤ ਦੁਕਾਨਦਾਰ ਨੇ ਥਾਣੇ ਰਿਪੋਰਟ ਲਿਖਵਾ ਦਿੱਤੀ ਹੈ।