ਬੀਰਬਲ ਰਿਸ਼ੀ
ਸ਼ੇਰਪੁਰ, 21 ਅਗਸਤ
ਇਥੇ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਵੱਲੋਂ ਦੋ ਚੋਰਾਂ ਨੂੰ ਕਾਬੂ ਕਰ ਲਿਆ ਗਿਆ। ਇਸ ਮਗਰੋਂ ਮੌਕੇ ’ਤੇ ਪੁੱਜੀ ਸ਼ੇਰਪੁਰ ਪੁਲੀਸ ਦੇ ਇੱਕ ਥਾਣੇਦਾਰ ਨੇ ਇੱਕ ਪੰਚ ਸਮੇਤ ਪਹਿਰੇਦਾਰ ਨੌਜਵਾਨਾਂ ਨਾਲ ਕਥਿਤ ਤੌਰ ’ਤੇ ਗਾਲੀ ਗਲੋਚ ਕੀਤੀ ਜਿਸ ਦੇ ਰੋਸ ਵਜੋਂ ਲੋਕਾਂ ਨੇ ਬੀਤੀ ਰਾਤ 1 ਵਜੇ ਤੱਕ ਥਾਣੇ ਦਾ ਘਿਰਾਓ ਕਰਕੇ ਰੱਖਿਆ ਅਤੇ ਮਸਲਾ ਹੱਲ ਨਾ ਹੋਣ ’ਤੇ ਅੱਜ ਸਵੇਰ ਤੋਂ ਦੁਪਹਿਰ ਤੱਕ ਥਾਣੇ ਅੱਗੇ ਧਰਨਾ ਦੇ ਕੇ ਸਬੰਧਤ ਥਾਣੇਦਾਰ ਨੂੰ ਮੁਅੱਤਲ ਕਰਨ, ਦੂਰ-ਦੁਰਾਡੇ ਬਦਲੀ ਕਰਨ ਅਤੇ ਵਿਭਾਗੀ ਜਾਂਚ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ।
ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਪੰਚ ਸ਼ਕਤੀ ਸਿੰਘ, ਯੂਥ ਆਗੂ ਜਗਦੇਵ ਸਿੰਘ, ਸੰਦੀਪ ਸਿੰਘ, ਸੁਖਵਿੰਦਰ ਸਿੰਘ, ਲੱਖਾ ਸਿੰਘ, ਮੇਵਾ ਸਿੰਘ ਅਤੇ ਆਲ ਇੰਡੀਆ ਮਹਾਂਸਭਾ ਗੁੱਜਰ ਸੰਗਠਨ ਦੇ ਪ੍ਰਧਾਨ ਬਸੀਰ ਮੁਹੰਮਦ ਨੇ ਕਿਹਾ ਕਿ ਚੋਰੀਆਂ ਦੇ ਮੱਦੇਨਜ਼ਰ ਪੁਲੀਸ ਨੇ ਖੁਦ ਲੋਕਾਂ ਨੂੰ ਠੀਕਰੀ ਪਹਿਰਾ ਲਗਾਉਣ ਲਈ ਪ੍ਰੇਰਿਆ ਸੀ। ਆਗੂਆਂ ਨੇ ਕਿਹਾ ਕਿ ਬੀਤੀ ਰਾਤ ਤਕਰੀਬਨ ਨੌਂ ਕੁ ਵਜੇ ਠੀਕਰੀ ਪਹਿਰੇ ’ਤੇ ਬੈਠੇ ਨੌਜਵਾਨਾਂ ਨੇ ਮਾਰਕੀਟ ਕਮੇਟੀ ਨੇੜਲੇ ਗੋਦਾਮਾਂ ਵਿੱਚੋਂ ਕਣਕ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਫੜਿਆ ਅਤੇ ਇਸ ਦੀ ਸੂਚਨਾ ਸ਼ੇਰਪੁਰ ਪੁਲੀਸ ਨੂੰ ਦਿੱਤੀ। ਵੱਟਸੈਪ ਗਰੁੱਪ ’ਚ ਸੂਚਨਾ ਦੇਣ ’ਤੇ ਘਟਨਾ ਸਥਾਨ ’ਤੇ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਪਰ ਪੰਜ ਮਿੰਟ ਦੂਰੀ ’ਤੇ ਸਥਿਤ ਲੋਕਲ ਪੁਲੀਸ ਥਾਣੇ ਤੋਂ ਪੁਲੀਸ ਤਕਰੀਬਨ ਇੱਕ ਘੰਟਾ ਲੇਟ ਪੁੱਜੀ। ਲੋਕਾਂ ਦਾ ਦੋਸ਼ ਸੀ ਕਿ ਮੌਕੇ ’ਤੇ ਪਹੁੰਚੇ ਥਾਣੇਦਾਰ ਹਰਜਿੰਦਰ ਸਿੰਘ ਨੇ ਪੰਚ ਤੇ ਪਹਿਰੇਦਾਰਾਂ ਨੂੰ ਗਾਲ੍ਹ ਕੱਢੀ ਜਿਸ ਤੋਂ ਮਾਹੌਲ ਗਰਮਾ ਗਿਆ। ਇਸ ’ਤੇ ਲੋਕਾਂ ਨੇ ਪਹਿਲਾਂ ਪੁਲੀਸ ਦੀ ਗੱਡੀ ਘੇਰ ਕੇ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਥਾਣੇ ਦਾ ਘਿਰਾਓ ਕੀਤਾ ਗਿਆ ਜੋ ਰਾਤ 1 ਵਜੇ ਤੱਕ ਚੱਲਿਆ। ਅੱਜ ਸਵੇਰ ਸਮੇਂ ਲੋਕਾਂ ਨੇ ਸਬੰਧਤ ਥਾਣੇਦਾਰ ਤੋਂ ਮੁਆਫ਼ੀ ਮੰਗਵਾਏ ਜਾਣ ਦੀ ਮੰਗ ਰੱਖੀ ਤਾਂ ਥਾਣੇਦਾਰ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਮਗਰੋਂ ਐੱਸਐੱਚਓ ਬਲਵੰਤ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਉਹ ਲਿਖਤੀ ਸ਼ਿਕਾਇਤ ਕਰਨ ਜਿਸ ’ਤੇ ਉਹ ਥਾਣੇਦਾਰ ਵਿਰੁੱਧ ਬਣਦੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਣਗੇ।
ਇਸੇ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬਲਾਕ ਪ੍ਰਧਾਨ ਜਸਵੰਤ ਸਿੰਘ ਖੇੜੀ ਦੀ ਅਗਵਾਈ ਹੇਠ ਥਾਣਾ ਸ਼ੇਰਪੁਰ ਅੱਗੇ ਵਰ੍ਹਦੇ ਮੀਂਹ ’ਚ ਕਈ ਘੰਟੇ ਧਰਨਾ ਦੇ ਕੇ ਪੁਲੀਸ ਦੀ ਢਿੱਲੀ ਕਾਰਜ਼ੁਗਾਰੀ ‘ਤੇ ਸੁਆਲ ਖੜ੍ਹੇ ਕੀਤੇ।
ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਸਵੰਤ ਸਿੰਘ, ਚਮਕੌਰ ਸਿੰਘ ਮੂਲੋਵਾਲ, ਹਾਕਮ ਸਿੰਘ, ਸਿੰਗਾਰਾ ਸਿੰਘ ਅਤੇ ਸਿੰਦਰ ਕੌਰ ਨੇ ਕਿਹਾ ਕਿ ਸ਼ੇਰਪੁਰ ਪੁਲੀਸ ਧਨਾਢਾਂ ਦੀ ਕਠਪੁਤਲੀ ਬਣ ਕੇ ਕੰਮ ਕਰਦੀ ਹੈ ਅਤੇ ਇੱਥੇ ਮਜ਼ਦੂਰਾਂ ਨੂੰ ਸਹੀ ਜਾਣਕਾਰੀ ਦੇਣ ਦੀ ਥਾਂ ਵਾਰ-ਵਾਰ ਗੇੜੇ ਮਰਵਾ ਕੇ ਪ੍ਰੇਸ਼ਾਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹੇੜੀਕੇ ਦੇ ਸਿੰਦਰ ਕੌਰ ਦੇ ਮਾਮਲੇ ਵਿੱਚ ਉਨ੍ਹਾਂ ਪੁਲੀਸ ਕੋਲੋਂ ਦਰਜ ਕਰਵਾਏ ਬਿਆਨਾਂ ਦੀਆਂ ਕਾਪੀਆਂ ਲੈਣੀਆਂ ਸਨ ਪਰ ਪੁਲੀਸ ਨੇ ਮਜ਼ਦੂਰਾਂ ਦੇ ਕਈ ਚੱਕਰ ਕਢਵਾਕੇ ਮਗਰੋਂ ਇਹ ਬਿਆਨ ਸੂਚਨਾ ਅਧਿਕਾਰ ਐਕਟ ਤਹਿਤ ਸੰਗਰੂਰ ਦਫ਼ਤਰ ਤੋਂ ਕਢਵਾਏ ਜਾਣ ਲਈ ਕਹਿ ਦਿੱਤਾ। ਆਗੂਆਂ ਨੇ ਸ਼ੇਰਪੁਰ ਪੁਲੀਸ ਦੀ ਕਾਰਜਗਾਰੀ ਨੂੰ ਜ਼ੀਰੋ ਦੱਸਿਆ ਅਤੇ ਉਚ ਅਧਿਕਾਰੀਆਂ ਨੂੰ ਇਸ ਥਾਣੇ ਵੱਲ ਉਚੇਚਾ ਧਿਆਨ ਦੇਣ ਲਈ ਕਿਹਾ। ਬਾਅਦ ਵਿੱਚ ਐਸਐਚਓ ਬਲਵੰਤ ਸਿੰਘ ਨੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਥਾਣੇਦਾਰ ਨੇ ਦੋਸ਼ ਨਕਾਰੇ
ਥਾਣੇਦਾਰ ਹਰਜਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਗਾਲ੍ਹ ਨਹੀਂ ਕੱਢੀ ਤਾਂ ਮੁਆਫ਼ੀ ਕਿਸ ਗੱਲ ਦੀ। ਪਰ ਲੋਕਾਂ ਦੀ ਤਸੱਲੀ ਲਈ ਉਹ ਗੁਰਦੁਆਰੇ ਸਹੂੰ ਚੁੱਕਣ ਨੂੰ ਤਿਆਰ ਹੈ। ਫੜੇ ਗਏ ਚੋਰਾਂ ਵਿਰੁੱਧ ਕਾਰਵਾਈ ਸਬੰਧੀ ਉਸ ਨੇ ਕਿਹਾ ਕਿ ਨਾ ਤਾਂ ਚੋਰੀ ਦੀ ਕਣਕ ਪੁਲੀਸ ਨੂੰ ਸੌਂਪੀ ਹੈ ਅਤੇ ਨਾ ਹੀ ਇੰਨ੍ਹਾਂ ਦਾ ਮੋਟਰਸਾਈਕਲ।
ਧਰਨੇ ਬਣੇ ਚਰਚਾ ਦਾ ਵਿਸ਼ਾ
ਇੱਕੋ ਸਮੇਂ ਲੱਗੇ ਦੋ ਥਾਣਾ ਸ਼ੇਰਪੁਰ ਅੱਗੇ ਅੱਜ ਇੱਕੋ ਸਮੇਂ ਲੱਗੇ ਦੋ ਧਰਨੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ ਕਿਉਂਕਿ ਇਸ ਤੋਂ ਪਹਿਲਾਂ ਹੁਕਮਰਾਨ ਧਿਰ ਦੇ ਯੂਥ ਵਿੰਗ ਨੇ ਸ਼ੇਰਪੁਰ ’ਚ ਨਸ਼ਿਆਂ ਦੀ ਬਹੁਤਾਤ ਨੂੰ ਲੈ ਕੇ ਦਿੱਤਾ ਧਰਨਾ ਅਤੇ ਇਲਾਕੇ ਅੰਦਰ ਹੋਈਆਂ ਚੋਰੀਆਂ ’ਤੇ ਪੁਲੀਸ ਦੀ ਭੂਮਿਕਾ ’ਤੇ ਕਿਸਾਨ ਜਥੇਬੰਦੀ ਵੱਲੋਂ ਚੁੱਕੇ ਸੁਆਲਾਂ ਤੋਂ ਸ਼ੇਰਪੁਰ ਪੁਲੀਸ ਦੀ ਕਿਰਕਿਰੀ ਹੋ ਚੁੱਕੀ ਹੈ।