ਕਿਸਾਨਾਂ ਦੀ ਦੋ ਟੁੱਕ: ਸੰਸਦ ਤੇ ਅਸੈਂਬਲੀ ’ਚ ਮੰਗਾਂ ਉਠਾਓ; ਨਹੀਂ ਤਾਂ ਰੋਹ ਦਾ ਸਾਹਮਣਾ ਕਰੋ

ਕਿਸਾਨਾਂ ਦੀ ਦੋ ਟੁੱਕ: ਸੰਸਦ ਤੇ ਅਸੈਂਬਲੀ ’ਚ ਮੰਗਾਂ ਉਠਾਓ; ਨਹੀਂ ਤਾਂ ਰੋਹ ਦਾ ਸਾਹਮਣਾ ਕਰੋ

ਸੰਗਰੂਰ ’ਚ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨ ਮੰਤਰੀਆਂ/ਵਿਧਾਇਕਾਂ ਦੇ ਘਰਾਂ ਵੱਲ ਰੋਸ ਮਾਰਚ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ

ਸੰਗਰੂਰ, 10 ਅਗਸਤ

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ’ਚ ਸ਼ਾਮਲ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਦੇਸ਼ ਦੀ ਸੰਸਦ ਤੇ ਪੰਜਾਬ ਦੀ ਅਸੈਂਬਲੀ ਅੰਦਰ ਤੇ ਬਾਹਰ ਨਾ ਉਠਾਉਣ ਵਿਰੁੱਧ ਇਥੇ ਵੱਖ-ਵੱਖ ਸਿਆਸੀ ਆਗੂਆਂ ਦੇ ਘਰਾਂ ਤੱਕ ਰੋਸ ਮਾਰਚ ਕਰਦਿਆਂ ਚਿਤਾਵਨੀ ਪੱਤਰ ਸੌਂਪੇ ਗਏ। ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਵੱਲੋਂ ਸੰਸਦ ਤੇ ਅਸੈਂਬਲੀ ਦੇ ਅੰਦਰ ਤੇ ਬਾਹਰ ਕਿਸਾਨੀ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਨਾ ਕੀਤੀ ਗਈ ਤਾਂ ਪਿੰਡਾਂ ’ਚ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। 

 ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਕਿਸਾਨ ਸਥਾਨਕ ਅਨਾਜ਼ ਮੰਡੀ ’ਚ ਇਕੱਠੇ ਹੋਏ ਜਿਸ ਮਗਰੋਂ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ, ਸੰਸਦ ਮੈਂਬਰ ਭਗਵੰਤ ਮਾਨ ਦੇ ਦਫ਼ਤਰ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਘਰ ਤੱਕ ਰੋਸ ਮਾਰਚ ਕਰਦਿਆਂ ਚਿਤਾਵਨੀ ਪੱਤਰ ਸੌਂਪੇ। 

ਕਿਸਾਨ ਜਥੇਬੰਦੀਆਂ ’ਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਕਨਵੀਨਰ ਜਗਸੀਰ ਸਿੰਘ ਨਮੋਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸਨ ਸਿੰਘ ਕੁੰਨਰਾਂ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਸਿੰਘ ਜਲੂਰ ਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਊਧਮ ਸਿੰਘ ਸੰਤੋਖਪੁਰਾ ਨੇ ਕਿਹਾ ਕਿ 9 ਅਗਸਤ 1942 ਨੂੰ ਭਾਰਤ ਦੇ ਲੋਕਾਂ ਨੇ  ਅੰਗਰੇਜ਼ੇ ਭਾਰਤ ਛੱਡੋ ਅੰਦੋਲਨ ਦਾ ਨਾਅਰਾ ਲਾਇਆ ਸੀ ਜਿਸਨੂੰ ਯਾਦ ਕਰਦਿਆਂ ਭਾਰਤ ਦੇ ਕਿਸਾਨ ‘ਕਾਰਪੋਰੇਟ ਘਰਾਣਿਓ ਖੇਤੀ ਖੇਤਰ ਛੱਡੋ’ ਤੇ ‘ਖੇਤੀ-ਕਿਸਾਨੀ ਬਚਾਓ-ਕਾਰਪੋਰੇਟ ਭਜਾਓ’ ਦੇ ਨਾਅਰੇ ਨਾਲ 9 ਮੁੱਦਿਆਂ ’ਤੇ ਅੰਦੋਲਨ ਸ਼ੁਰੂ ਕਰ ਰਹੇ ਹਨ। ਇਨ੍ਹਾਂ 9 ਮੁੱਦਿਆਂ ਦੇ ਚੈਪਟਰ ਨੂੰ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਚਿੱਠੀ ਦੇ ਰੂਪ ’ਚ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ 9 ਅਗਸਤ ਨੂੰ ਐਤਵਾਰ ਹੋਣ ਕਾਰਨ ਅੱਜ 10 ਅਗਸਤ ਨੂੰ ਸੰਸਦ ਮੈਂਬਰਾਂ ਤੇ ਵਿਧਾਇਕਾਂ ਤੇ ਮੰਤਰੀਆਂ ਦੇ ਦਫ਼ਤਰਾਂ/ਘਰਾਂ ਤੱਕ ਰੋਸ ਮਾਰਚ ਕੀਤਾ ਹੈ। ਇਥੇ ਕੈਬਨਿਟ ਮੰਤਰੀ, ਸੰਸਦ ਮੈਂਬਰ ਤੇ ਦੋ ਵਿਧਾਇਕਾਂ ਦੇ ਘਰਾਂ ’ਚ ਚਿਤਾਵਨੀ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇ। ਜੇ ਆਉਣ ਵਾਲੇ ਦਿਨਾਂ ’ਚ ਕਿਸਾਨੀ ਮੰਗਾਂ ਨੂੰ ਨਾ ਉਠਾਇਆ ਗਿਆ ਤਾਂ ਭਵਿੱਖ ’ਚ ਕਿਸਾਨ ਪਿੰਡਾਂ ’ਚ ਤੁਹਾਡੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰਨਗੇ ਤੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੋ। 

ਪਰਮਿੰਦਰ ਸਿੰਘ ਢੀਂਡਸਾ ਦੇ ਮੀਡੀਆ ਇੰਚਾਰਜ ਕਿਸਾਨਾਂ ਤੋਂ ਮੰਗ ਪੱਤਰ ਲੈਂਦੇ ਹੋਏ।

ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਕਿਸਾਨਾਂ ਦੇ ਹੱਕ ’ਚ ਖੜ੍ਹੇਗਾ: ਢੀਂਡਸਾ

ਸੰਗਰੂਰ (ਮਹਿੰਦਰ ਕੌਰ ਮੰਨੂ)  ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ  ਕਿ ਪੰਜਾਬ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੌਰਾਨ ਕਿਸਾਨਾਂ ਦੇ ਮੁੱਦਿਆਂ ਨੂੰ ਪੂਰੇ  ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ। ਉਨ੍ਹਾਂ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ  ਆਪਣੀ ਰਿਹਾਇਸ਼ ’ਤੇ ਮੰਗ ਪੱਤਰ ਲੈਣ ਉਪਰੰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ  ਅਕਾਲੀ ਦਲ (ਡੈਮੋਕ੍ਰੈਟਿਕ) ਡੱਟ ਕੇ ਕਿਸਾਨਾਂ ਦੇ ਹੱਕ ਵਿਚ ਖੜ੍ਹਾਂ ਹੈ। ਉਨ੍ਹਾਂ ਕਿਸਾਨਾਂ ਨੂੰ  ਇਹ ਵੀ ਯਕੀਨ ਦਿਵਾਇਆ ਕਿ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੀ ਸੰਸਦ ਵਿੱਚ ਖੇਤੀ  ਵਿਰੋਧੀ ਆਰਡੀਨੈਂਸਾਂ ਦਾ ਮੁੱਦਾ ਠੋਸ ਢੰਗ ਨਾਲ ਉਠਾਉਣਗੇ। ਸ੍ਰੀ ਢੀਂਡਸਾ ਨੇ  ਕਿਹਾ ਕਿ ਖੇਤੀ ਸਬੰਧੀ ਆਰਡੀਨੈਂਸਾਂ ਖ਼ਿਲਾਫ਼ ਸਭ ਤੋਂ ਪਹਿਲਾਂ ਮੰਗ ਪੱਤਰ ਜ਼ਿਲ੍ਹਾ ਡਿਪਟੀ  ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ ਸੀ। ਪਾਰਟੀ ਪ੍ਰਧਾਨ ਸੁਖਦੇਵ ਸਿੰਘ  ਢੀਂਡਸਾ ਨੇ ਖੇਤੀ ਬਾਰੇ ਜਾਰੀ ਕੀਤੇ ਆਰਡੀਨੈਂਸਾਂ ਨੂੰ ਤੁਰੰਤ ਵਾਪਿਸ ਲੈਣ ਲਈ ਲਿਖਤੀ  ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ  ਅਕਾਲੀ ਦਲ (ਡੈਮੋਕ੍ਰੈਟਿਕ) ਖੇਤੀ ਆਰਡੀਨੈਂਸਾਂ ਨੂੰ ਵਾਪਿਸ ਲੈਣ ਦੇ ਹਰ ਸੰਘਰਸ਼ ਵਿੱਚ  ਕਿਸਾਨਾਂ ਨਾਲ ਡੱਟ ਕੇ ਖੜ੍ਹੇਗਾ, ਕਿਉਂਕਿ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ ਜਿਨ੍ਹਾਂ  ਨਾਲ ਕਿਸਾਨਾਂ ਦਾ ਭਵਿੱਖ ਵੰਡੇ ਸੰਕਟ ਵਿੱਚ ਪੈ ਗਿਆ ਹੈ। ਇਸ ਮੌਕੇ ਉਨ੍ਹਾਂ ਬਿਜਲੀ ਬਿੱਲ-2020 ਨੂੰ ਵੀ  ਵਾਪਿਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਗੰਭੀਰ ਆਰਥਿਕ ਸੰਕਟ  ਵਿੱਚੋਂ ਲੰਘ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹਕੀਕੀ ਹੱਲ  ਲੱਭਣ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ। ਸ੍ਰੀ ਢੀਂਡਸਾ ਨੇ ਕਿਸਾਨ ਆਗੂਆਂ ਨੂੰ  ਯਕੀਨ ਦਿਵਾਇਆ ਕਿ ਕਿਸਾਨਾਂ ਦੇ ਮੁੱਦਿਆਂ ਉੱਤੇ ਡੱਟ ਕੇ ਸਾਥ ਦਿੱਤਾ ਹੈ ਤੇ ਦਿੰਦੇ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All