ਗੁਰਦੀਪ ਸਿੰਘ ਲਾਲੀ/ਐਸ ਐਸ ਸੱਤੀ
ਸੰਗਰੂਰ/ਮਸਤੂਆਣਾ ਸਾਹਿਬ, 7 ਨਵੰਬਰ
ਇੱਥੋਂ ਨੇੜਲੇ ਪਿੰਡ ਲੱਡਾ ਵਿੱਚ ਉੱਘੇ ਪਸ਼ੂ ਪਾਲਕ ਅਤੇ ਅਗਾਂਹਵਧੂ ਕਿਸਾਨ ਜਥੇਦਾਰ ਜਗਰੂਪ ਸਿੰਘ ਹੇਅਰ ਵੱਲੋਂ ਬਣਾਏ ਗਏ ਲੱਡਾ ਡੇਅਰੀ ਫਾਰਮ ’ਤੇ ਜਿਥੇ ਬੀਤੇ ਦਿਨ ਅਚਾਨਕ ਮਹਾਮਾਰੀ ਫੈਲਣ ਕਾਰਨ ਦਸ ਪਸ਼ੂਆਂ ਦੀ ਮੌਤ ਹੋ ਗਈ ਸੀ, ਉਥੇ ਅੱਜ ਦੂਜੇ ਦਿਨ ਦੋ ਹੋਰ ਪਸ਼ੂਆਂ ਦੀ ਮੌਤ ਹੋ ਗਈ ਹੈ। ਲੱਡਾ ਡੇਅਰੀ ਫਾਰਮ ਦੇ ਮਾਲਕ ਜਥੇਦਾਰ ਜਗਰੂਪ ਸਿੰਘ ਹੇਅਰ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਬਾਕੀ ਪਸ਼ੂਆਂ ਦੇ ਟੀਕੇ ਵਗੈਰਾ ਲਗਾਏ ਗਏ, ਜਿਨ੍ਹਾਂ ਦੀ ਸਿਹਤ ਵਿਚ ਕਾਫੀ ਸੁਧਾਰ ਆਇਆ ਹੈ। ਡਾਕਟਰਾਂ ਦੀ ਟੀਮ ਦੇ ਇੰਚਾਰਜ ਡਾ. ਸੁਰਿੰਦਰ ਅਹੂਜਾ ਨੇ ਦੱਸਿਆ ਕਿ ਮ੍ਰਿਤਕ ਪਸ਼ੂਆਂ ਦੀ ਬੀਮਾਰੀ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਟੈਸਟਾਂ ਦੀ ਰਿਪੋਰਟ ਤੋਂ ਬਾਅਦ ਹੀ ਬਿਮਾਰੀ ਦਾ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਵੱਲੋਂ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਲਈ ਲਗਾਤਾਰ ਛੇ-ਛੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਜਿਨ੍ਹਾਂ ਦੀ ਨਿਗਰਾਨੀ ਹੇਠ ਪਸ਼ੂਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਉੱਘੇ ਪਸੂ ਪਾਲਕ ਨੂੰ ਦਿਲਾਸਾ ਦੇਣ ਲਈ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਜਥੇਦਾਰ ਮਨਵਿੰਦਰ ਸਿੰਘ ਬਿੰਨਰ ਸਾਬਕਾ ਐਮਸੀ, ਮਿੰਟੂ ਸਿੰਘ ਔਲਖ, ਚਰਨਜੀਤ ਸਿੰਘ ਢੰਢੋਗਲ, ਸਵਰਨ ਸਿੰਘ ਹਰਚੰਦਪੁਰਾ, ਹਾਕਮ ਸਿੰਘ ਢੰਢੋਗਲ, ਪ੍ਰਿੰਸੀਪਲ ਗੁਰਵੀਰ ਸਿੰਘ ਸੋਹੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।