ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਦਸੰਬਰ
ਸੰਗਰੂਰ ਪੁਲੀਸ ਨੇ ਲੁੱਟ ਖੋਹ ਦੇ ਇਕ ਮਾਮਲੇ ਵਿੱਚ ਲੋੜੀਂਦੇ ਦੋ ਵਿਅਕਤੀਆਂ ਨੂੰ ਨਗਦੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਐਸਪੀ (ਡੀ) ਪਰਮਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਗੋਬਿੰਦਪੁਰਾ ਨਾਗਰੀ ਦਾ ਗੁਰਧਿਆਨ ਸਿੰਘ ਆਪਣੇ ਪਿਤਾ ਭੁਪਿੰਦਰ ਸਿੰਘ ਸਮੇਤ ਸੁਨਾਮ ਅਨਾਜ ਮੰਡੀ ਵਿਚਲੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚੋਂ ਪੈਸੇ ਕਢਵਾਉਣ ਤੋਂ ਬਾਅਦ ਪਿੰਡ ਜਾ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਪੈਸਿਆਂ ਵਾਲਾ ਝੋਲਾ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪੁਲੀਸ ਚੌਕੀ ਮਹਿਲਾਂ ਨੇ ਕਾਰਵਾਈ ਕਰਦਿਆਂ ਦੋਹਾਂ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਪਛਾਣ ਹਰਿੰਦਰ ਸਿੰਘ ਉਰਫ ਭਿੰਦੀ ਅਤੇ ਪ੍ਰਦੀਪ ਸਿੰਘ ਉਰਫ਼ ਪੱਪੂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਪਾਸੋਂ 75 ਹਜ਼ਾਰ ਅਤੇ ਪੱਪੂ ਪਾਸੋਂ 65 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।