ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਅਕਤੂਬਰ
ਭਵਾਨੀਗੜ੍ਹ-ਸੁਨਾਮ ਮੁੱਖ ਸੜਕ ’ਤੇ ਸਥਿਤ ਪਿੰਡ ਘਰਾਚੋਂ ਦੇ ਬੱਸ ਅੱਡੇ ’ਤੇ ਅੱਗੇ-ਪਿੱਛੇ ਜਾ ਰਹੇ ਦੋ ਵੱਡੇ ਕੈਂਟਰਾਂ ਦਰਮਿਆਨ ਵਾਪਰੇ ਆਪਸੀ ਭਿਆਨਕ ਹਾਦਸੇ ਵਿੱਚ ਇਕ ਕੈਂਟਰ ਦੇ ਡਰਾਈਵਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੇਤੇ ਦੇ ਭਰੇ ਦੋ ਵੱਡੇ ਕੈਂਟਰ ਨਾਲ-ਨਾਲ ਚੱਲਦੇ ਹੋਏ ਬਠਿੰਡਾ ਵੱਲ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਪਿੰਡ ਘਰਾਚੋਂ ਨੇੜੇ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਅੱਗੇ ਹੰਪ ਆਉਣ ਕਾਰਨ ਅਗਲੇ ਕੈਂਟਰ ਦੇ ਡਰਾਈਵਰ ਨੇ ਅਚਾਨਕ ਬਰੇਕਾਂ ਲਗਾ ਦਿੱਤੀਆਂ ਜਿਸ ਕਾਰਨ ਪਿੱਛੇ ਆ ਰਿਹਾ ਕੈਂਟਰ ਉਸਦੇ ਵਿੱਚ ਜਾ ਵੱਜਾ। ਹਾਦਸਾ ਇੰਨਾ ਭਿਆਨਕ ਸੀ ਕਿ ਪਿਛਲੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ। ਗੱਡੀ ਵਿੱਚ ਫਸੇ ਡਰਾਈਵਰ ਨੂੰ ਲੋਕਾਂ ਨੇ ਕਾਫੀ ਤਰੱਦਦ ਕਰਕੇ ਬਾਹਰ ਕੱਢਿਆ। ਇਸ ਸਬੰਧੀ ਘਰਾਚੋਂ ਚੌਕੀ ਦੇ ਇੰਚਾਰਜ ਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਕੈਂਟਰ ਰੇਤਾ ਲੈ ਕੇ ਬਠਿੰਡਾ ਵੱਲ ਨੂੰ ਜਾ ਰਿਹਾ ਸੀ, ਜਿਸਦੀ ਅਗਲੇ ਕੈਂਟਰ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋਏ ਟਰਾਲਾ ਚਾਲਕ ਦੀ ਪਛਾਣ ਸੁਖਜਿੰਦਰ ਸਿੰਘ (20) ਪੁੱਤਰ ਵਾਸੀ ਬਠਿੰਡਾ ਦੇ ਰੂਪ ਵਿੱਚ ਹੋਈ ਹੈ। ਇਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਸਮਾਣਾ (ਪੱਤਰ ਪੇ੍ਰਕ) ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਫਤਹਿਗੜ੍ਹ ਛੰਨਾ ਨੇੜੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਗਾਜੇਵਾਸ ਪੁਲਸ ਦੇ ਏਐੱਸਆਈ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਮ੍ਰਿਤਕ ਦੀਪਕ ਸਿੰਘ (28) ਪੁੱਤਰ ਸੁਖਜੀਤ ਸਿੰਘ ਨਿਵਾਸੀ ਗੋਬਿੰਦਗੜ੍ਹ ਦੇ ਭਰਾ ਸੰਦੀਪ ਸਿੰਘ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਭਰਾ ਦੀਪਕ ਸਿੰਘ ਮੰਗਲਵਾਰ ਸ਼ਾਮ ਆਪਣੀ ਬਾਈਕ ’ਤੇ ਸਵਾਰ ਹੋ ਕੇ ਸੰਗਰੂਰ ਤੋਂ ਕੁਰੂਕਸ਼ੇਤਰ ਜਾ ਰਿਹਾ ਸੀ, ਕਿ ਪਿੰਡ ਫਤਹਿਗੜ੍ਹ ਛੰਨਾ ਨੇੜੇ ਕਿਸੇ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਆਪਣਾ ਤੇਜ਼ ਰਫ਼ਤਾਰ ਵਾਹਨ ਲਾਪ੍ਰਵਾਹੀ ਨਾਲ ਉਸ ਦੇ ਭਰਾ ਦੇ ਬਾਈਕ ਵਿੱਚ ਮਾਰਿਆ। ਇਸ ਹਾਦਸੇ ਵਿੱਚ ਉਸ ਦੇ ਭਰਾ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।
ਸੜਕ ਹਾਦਸੇ ਵਿੱਚ ਨੌਜਵਾਨ ਜ਼ਖ਼ਮੀ
ਰਾਜਪੁਰਾ (ਪੱਤਰ ਪ੍ਰੇਰਕ) ਇੱਥੋਂ ਦੇ ਗਗਨ ਚੌਕ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਥਾਣਾ ਸਿਟੀ ਦੀ ਪੁਲੀਸ ਨੇ ਦੱਸਿਆ ਕਿ ਦਿਲਸੈਨਜੋਤ ਕੌਰ ਵਾਸੀ ਮਕਾਨ ਨੰ. 276 ਦਸਮੇਸ਼ ਨਗਰ ਰਾਜਪੁਰਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਭਰਾ ਜਸਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਗਨ ਚੌਕ ਨੇੜੇ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ਨੂੰ ਤੇਜ ਰਫ਼ਤਾਰ ਵਾਹਨ ਨੇ ਫੇਟ ਮਾਰ ਦਿੱਤੀ। ਜਿਸ ਕਾਰਨ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਿਆ।