ਪੱਤਰ ਪ੍ਰੇਰਕ
ਲਹਿਰਾਗਾਗਾ, 11 ਨਵੰਬਰ
ਲੰਘੀ ਰਾਤ ਇਥੇ ਬਾਈਪਾਸ ਸੜਕ ਕੋਲ ਵਾਰਡ ਨੰ. 13 ’ਚ ਬਾਜ਼ੀਗਰ ਬਸਤੀ ਨੂੰ ਜਾਂਦੀ ਗਲੀ ’ਚ ਗੰਧਕ ਤੇ ਪੋਟਾਸ਼ ਮਿਲਾ ਕੇ ਦੀਵਾਲੀ ਲਈ ਬੰਬ ਪਟਾਕੇ ਬਣਾਉਣ ਸਮੇਂ ਹੋਏ ਧਮਾਕੇ ’ਚ ਦੋ ਨਾਬਾਲਿਗ ਬੱਚੇ ਝੁਲਸ ਗਏ।
ਇਹ ਧਮਾਕਾ ਐਨਾ ਜ਼ੋਰਦਾਰ ਸੀ ਕਿ 200 ਮੀਟਰ ਦੂਰ ਘਰਾਂ ਦੇ ਸ਼ੀਸ਼ੇ ਤੱਕ ਹਿੱਲ ਗਏ। ਗੰਭੀਰ ਜ਼ਖ਼ਮੀ ਲਾਲੀ ਸਿੰਘ 14 ਪੁੱਤਰ ਦਿਲਬਾਗ ਸਿੰਘ ਤੇ ਹੀਰਾ ਸਿੰਘ 15 ਪੁੱਤਰ ਬਲਦੇਵ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ’ਚ ਦਾਖਲ ਕਰਵਾਇਆ ਜਿਥੇ ਮੈਡੀਕਲ ਅਫਸਰ ਡਾ. ਤੁਲੇਸ਼ ਬਾਂਸਲ ਨੇ ਜ਼ਖ਼ਮੀਆਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਪ੍ਰਾਈਵੇਟ ਐਂਬੂਲੈਂਸ ਰਾਹੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ।
ਇਸ ਸਬੰਧੀ ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਾਲੀ ਸਿੰਘ ਤੇ ਹੀਰਾ ਸਿੰਘ ਦੀਵਾਲੀ ਨੂੰ ਮੁੱਖ ਰੱਖ ਕੇ ਗੰਧਕ ਤੇ ਪੋਟਾਸ਼ ਲਿਆ ਕੇ ਕੁੰਡੇ ’ਚ ਰਗੜਨ ਲੱਗੇ ਤਾਂ ਅਚਾਨਕ ਹਾਦਸਾ ਵਾਪਰ ਗਿਆ। ਇਸ ਸਬੰਧੀ ਸਿਟੀ ਪੁਲੀਸ ਮੁਖੀ ਬਿਕਰਮਜੀਤ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।