ਜ਼ਿਲ੍ਹਾ ਸੰਗਰੂਰ ਵਿੱਚ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ

ਜ਼ਿਲ੍ਹਾ ਸੰਗਰੂਰ ਵਿੱਚ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ

ਸੰਗਰੂਰ ’ਚ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਤੰਦਰੁਸਤ ਹੋ ਕੇ ਘਰ ਪਰਤਦੇ ਹੋਏ ਮਰੀਜ਼।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਗਸਤ

ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਤਿੰਨ ਮੌਤਾਂ ਹੋਈਆਂ ਜਦੋਂ ਕਿ ਅੱਜ ਚੌਥੇ ਦਿਨ ਦੋ ਕਰੋਨਾ ਪੀੜਤ ਮਰੀਜ਼ਾਂ ਦੀ ਜਾਨ ਗਈ ਹੈ। ਇਨ੍ਹਾਂ ’ਚ ਮਾਲੇਰਕੋਟਲਾ ਦਾ 60 ਸਾਲਾ ਵਿਅਕਤੀ ਅਤੇ ਧੂਰੀ ਦੀ 44 ਸਾਲਾ ਔਰਤ ਸ਼ਾਮਲ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਕਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ 33 ਹੋ ਗਈ ਹੈ। ਅੱਜ 12 ਨਵੇਂ ਕਰੋਨਾ ਪੀੜਤ ਮਰੀਜ਼ ਆਏ ਹਨ ਜਦੋਂ ਕਿ 31 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1189 ਹੋ ਚੁੱਕੀ ਹੈ ਜਿਨ੍ਹਾਂ ’ਚੋਂ 968 ਤੰਦਰੁਸਤ ਹੋ ਚੁੱਕੇ ਹਨ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 188 ਹੈ ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ।

ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਮਾਲੇਰਕੋਟਲਾ ਦਾ 60 ਸਾਲਾ ਵਸਨੀਕ ਅਜਦਰ ਹੁਸੈਨ ਬੀਤੀ 29 ਜੁਲਾਈ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਸੀ ਜਿਸ ਨੂੰ ਬੁਖ਼ਾਰ, ਸਾਹ ਅਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਸੀ। ਇਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਦੀ ਮੌਤ ਹੋ ਗਈ ਹੈ। ਜਾਨ ਗੁਆਉਣ ਵਾਲਾ ਦੂਜਾ ਕਰੋਨਾ ਪੀੜਤ ਮਰੀਜ਼ ਧੂਰੀ ਸ਼ਹਿਰ ਦੀ 44 ਸਾਲਾ ਮਹਿਲਾ ਹਰਪ੍ਰੀਤ ਸ਼ਰਮਾ ਹੈ ਜੋ ਸੀਐੱਮਸੀ ਲੁਧਿਆਣਾ ਵਿੱਚ ਬੀਤੀ 25 ਜੁਲਾਈ ਤੋਂ ਦਾਖਲ ਸੀ ਜੋ ਹੋਰ ਵੀ ਰੋਗਾਂ ਤੋਂ ਪੀੜਤ ਸੀ ਅਤੇ ਕਰੋਨਾ ਪਾਜ਼ੇਟਿਵ ਸੀ। ਇਸ ਮਰੀਜ਼ ਦੀ ਵੀ ਮੌਤ ਹੋ ਗਈ ਹੈ।

ਅੱਜ 12 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਪੁਲੀਸ ਮੁਲਾਜ਼ਮ ਸਮੇਤ ਸੰਗਰੂਰ ਦੇ 2 ਮਰੀਜ਼, ਬਲਾਕ ਲੌਂਗੋਵਾਲ ਦੇ 2 ਮਰੀਜ਼, ਮਾਲੇਰਕੋਟਲਾ ਦਾ ਮਰੀਜ਼, ਅਮਰਗੜ੍ਹ ਦਾ ਮਰੀਜ਼, ਸ਼ੇਰਪੁਰ ਦੇ ਦੋ ਮਰੀਜ਼, ਮੂਨਕ ਦਾ ਪੁਲੀਸ ਮੁਲਾਜ਼ਮ, ਬਲਾਕ ਧੂਰੀ ਦੇ ਦੋ ਮਰੀਜ਼ ਅਤੇ ਸੁਨਾਮ ਦਾ ਇੱਕ ਮਰੀਜ਼ ਸ਼ਾਮਲ ਹੈ। ਉਧਰ ਅੱਜ 31 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ ਜਿਨ੍ਹਾਂ ’ਚ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 23 ਮਰੀਜ਼, ਸਿਵਲ ਹਸਪਤਾਲ ਸੰਗਰੂਰ ਤੋਂ ਇੱਕ ਮਰੀਜ਼, ਕੋਵਿਡ ਕੇਅਰ ਸੈਂਟਰ ਭੋਗੀਵਾਲ ਤੋਂ 2 ਮਰੀਜ਼ ਅਤੇ ਸਿਵਲ ਹਸਪਤਾਲ ਮਲੇਰਕੋਟਲਾ ਤੋਂ 2 ਮਰੀਜ਼ ਅਤੇ ਹੋਮ ਆਈਸੋਲੇਸ਼ਨ ’ਚ 4 ਮਰੀਜ਼ ਸ਼ਾਮਲ ਹਨ।

ਧੂਰੀ ’ਚ ਕਰੋਨਾ ਕਾਰਨ ਤੀਜੀ ਮੌਤ

ਧੂਰੀ (ਹਰਦੀਪ ਸਿੰਘ ਸੋਢੀ): ਸਥਾਨਕ ਸ਼ਹਿਰ ਦੇ ਜਨਤਾ ਨਗਰ ਦੀ 44 ਸਾਲ ਔਰਤ ਦੀ ਲੁਧਿਆਣਾ ਦੇ ਸੀਐੱਮਸੀ ਹਸਪਤਾਲ ’ਚ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਕਰੋਨਾ ਕਾਰਨ 2 ਔਰਤਾਂ ਦੀ ਮੌਤ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਸ਼ਹਿਰ ਦੇ ਜਨਤਾ ਨਗਰ ਦੀ 44 ਸਾਲਾ ਹਰਪ੍ਰੀਤ ਸ਼ਰਮਾ ਨਾਮੀ ਔਰਤ ਪਿਛਲੇ ਕਈ ਦਿਨਾਂ ਤੋਂ ਕਿਸੇ ਬਿਮਾਰੀ ਕਾਰਨ ਸੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਸੀ ਜਿਥੇ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਅਤੇ ਲੰਘੀ ਰਾਤ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

ਸਮਾਣਾ ’ਚ ਕਰੋਨਾ ਦੇ 11 ਹੋਰ ਮਾਮਲੇ

ਸਮਾਣਾ (ਅਸ਼ਵਨੀ ਗਰਗ): ਸ਼ਹਿਰ ਵਿੱਚ ਅੱਜ ਕਰੋਨਾ ਦੇ 11 ਮਾਮਲੇ ਸਾਹਮਣੇ ਆਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ। ਅੱਜ ਆਏ ਮਾਮਲਿਆਂ ਵਿਚ 4 ਮੱਛੀ ਹੱਟਾ, 3 ਅਗਰਸੈਨ ਕਲੋਨੀ, 2 ਘੜਾਮੀ ਪੱਤੀ, 1 ਪ੍ਰਤਾਪ ਕਲੋਨੀ ਤੇ 1 ਸ਼ਕਤੀ ਵਾਟੀਕਾ ਦਾ ਪੀੜਤ ਸ਼ਾਮਲ ਹਨ। ਇਹ ਜਾਣਕਾਰੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ.ਸਤਿੰਦਰਪਾਲ ਸਿੰਘ ਨੇ ਦਿੱਤੀ।

ਐੱਸਬੀਆਈ ਦੀ ਭਵਾਨੀਗੜ੍ਹ ਬਰਾਂਚ ਸੀਲ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸਟੇਟ ਬੈਂਕ ਆਫ ਇੰਡੀਆ ਬਰਾਂਚ ਨੇੜੇ ਰਾਮਪੁਰਾ ਰੋਡ ਭਵਾਨੀਗੜ੍ਹ ਦੀ ਮਹਿਲਾ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਬਰਾਂਚ ਨੂੰ ਸੀਲ ਕਰ ਦਿੱਤਾ ਗਿਆ। ਤਕਰੀਬਨ 15 ਮੁਲਾਜ਼ਮਾਂ ਦੇ ਕਰੋਨਾ ਸਬੰਧੀ ਟੈਸਟ ਲਈ ਨਮੂਨੇ ਲਏ ਗਏ ਅਤੇ ਟੈਸਟਾਂ ਦੀ ਰਿਪੋਰਟ ਆਉਣ ਤੱਕ ਸਾਰੇ ਮੁਲਾਜ਼ਮਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All