ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਜੂਨ
ਨੇੜਲੇ ਪਿੰਡ ਛਾਜਲੀ ’ਚ ਬਿਜਲੀ ਸਪਲਾਈ ਦੇ ਟਰਾਂਸਫਾਰਮਰ ਲਾਉਣ ਦੇ ਮਸਲੇ ’ਤੇ ਲੈ ਕੇ ਪਿੰਡ ਦੇ ਵਸਨੀਕਾਂ ਅਤੇ ਕੁਝ ਦਲਿਤਾਂ ਪਰਿਵਾਰਾਂ ਵਿਚਾਲੇ ਮਸਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਵਸਨੀਕਾਂ ਦੀ ਮੰਗ ’ਚ ਪਾਵਰਕੌਮ ਵਿਭਾਗ ਨੇ ਬਿਜਲੀ ਸੁਧਾਰ ਲਈ ਨਵਾਂ ਟਰਾਂਸਫਾਰਮਰ ਲਾਉਣ ਦਾ ਫੈਸਲਾ ਕੀਤਾ ਹੈ ਪਰ ਦੂਜੇ ਪਾਸੇ ਕੁਝ ਦਲਿਤ ਪਰਿਵਾਰ ਉਨ੍ਹਾਂ ਦੇ ਇਲਾਕੇ ’ਚ ਟਰਾਂਸਫਾਰਮਰ ਲਾਉਣ ਦਾ ਵਿਰੋਧ ਕਰਦੇ ਹੋਏ ਅਦਾਲਤ ਤੋਂ ਸਟੇਅ ਲੈ ਕੇ ਬੈਠੇ ਹਨ। ਇਸ ਕਰਕੇ ਇਹ ਮਸਲਾ ਜਾਤੀਵਾਦ ’ਚ ਉਲਝਣ ਦੇ ਆਸਾਰ ਬਣ ਰਹੇ ਹਨ।
ਦੱਸਣਯੋਗ ਹੈ ਨੇੜਲੇ ਪਿੰਡ ਛਾਜਲੀ ਦੇ ਵਸਨੀਕਾਂ ਵੱਲੋਂ ਬਿਜਲੀ ਦੀ ਨਾਕਸ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਨੂੰ ਜਾਮ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸੰਤਰਾਮ ਸਿੰਘ, ਬਲਜੀਤ ਬਾਵਾ, ਪਰਮਿੰਦਰ ਕੌਰ, ਕਰਮਜੀਤ ਕੌਰ ਆਦਿ ਦਾ ਕਹਿਣਾ ਹੈ ਕਿ ਇਥੇ ਪਿੱਛਲੇ ਹਫ਼ਤੇ ਤੋਂ ਕਰੀਬ 200 ਘਰਾਂ ਨੂੰ ਬਿਜਲੀ ਸਪਲਾਈ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਪੰਜਾਬ ’ਚ ਗਰਮੀ ਹਰ ਰੋਜ਼ ਨਵਾਂ ਰਿਕਾਰਡ ਬਣਾ ਰਹੀ ਹੈ ਅਤੇ ਪਿੰਡ ਦੇ 200 ਘਰਾਂ ’ਚ ਬਿਜਲੀ ਦਾ ਟਰਾਂਸਫਾਰਮਰ ਓਵਰਲੋਡ ਹੋਣ ਕਰਕੇ ਔਖ ਆ ਰਹੀ ਹੈ। ਲਗਾਤਾਰ ਧਰਨੇ ਮਗਰੋਂ ਬਿਜਲੀ ਵਿਭਾਗ ਨੇ ਨਵਾਂ ਟਰਾਂਸਫਾਰਮਰ ਰੱਖਣ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਟਰਾਂਸਫਾਰਮਰ ਰੱਖਣ ਕਰਕੇ ਲੋਕਾਂ ਨੂੰ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਜਾਮ ਲਾਉਣਾ ਪਿਆ ਜਦਕਿ ਬੀਤੇ ਦਿਨੀਂ ਲੋਕਾਂ ਨੇ ਪੁਲੀਸ ਥਾਣਾ ਛਾਜਲੀ ਅੱਗੇ ਧਰਨਾ ਲਾਇਆ ਸੀ। ਉਧਰ ਕੁਝ ਦਲਿਤ ਪਰਿਵਾਰਾਂ ਨੇ ਟਰਾਂਸਫਾਰਮਰ ਲਾਉਣ ਦਾ ਵਿਰੋਧ ਕਰਦੇ ਹੋਏ ਕਾਮਰੇਡ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ’ਚ ਵੱਖਰੇ ਤੌਰ ’ਤੇ ਟਰਾਂਸਫਾਰਮਰ ਲੱਗਣ ਵਾਲੀ ਥਾਂ ’ਤੇ ਧਰਨਾ ਲਾਇਆ। ਜਿਕਰਯੋਗ ਹੈ ਕਿ ਬਿਜਲੀ ਵਿਭਾਗ ਜਿਸ ਮੁਹੱਲੇ ’ਚ ਟਰਾਂਸਫਾਰਮਰ ਲਾਉਣਾ ਚਾਹੁੰਦੇ ਹੇੈ ਮੁਹੱਲੇ ਵਾਲੇ ਟਰਾਂਸਫਾਰਮਰ ਲੱਗਣ ’ਤੇ ਇਤਰਾਜ਼ ਕਰ ਰਹੇ ਹਨ ਅਤੇ ਇਸ ਖ਼ਿਲਾਫ ਅਦਾਲਤ ਤੋਂ ਸਟੇਅ ਲੈ ਆਏ ਹਨ। ਉਧਰ ਐਸਡੀਐਮ ਸੁਨਾਮ ਨੇ ਉਪ ਪੁਲੀਸ ਕਪਤਾਨ, ਤਹਿਸੀਲਦਾਰ, ਐਸਐਚਓ ਅਤੇ ਬਿਜਲੀ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਕੇ ਦੋਹਾਂ ਧਿਰਾਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਹਦਾਇਤ ਕੀਤੀ ਹੈ।