ਹਰਦੀਪ ਸਿੰਘ ਸੋਢੀ
ਧੂਰੀ, 21 ਅਕਤੂਬਰ
ਪੈਟਰੋਲ ਪੰਪ ਦੇ ਕਰਿੰਦੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਥਾਣਾ ਸਦਰ ਧੂਰੀ ਦੀ ਪੁਲੀਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਦੋਂ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਇਕ ਹੋਰ ਸਾਥੀ ਅਜੇ ਵੀ ਫਰਾਰ ਹੈ ਜਿਸ ਦੀ ਭਾਲ ਜਾਰੀ ਹੈ।
ਥਾਣਾ ਸਦਰ ਧੂਰੀ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਧੂਰੀ ਯੋਗੇਸ਼ ਸ਼ਰਮਾ ਅਤੇ ਐੱਸਐੱਚਓ ਸਦਰ ਧੂਰੀ ਸੁਖਵਿੰਦਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲੰਘੇ ਮੰਗਲਵਾਰ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਧੂਰੀ-ਸੰਗਰੂਰ ਰੋਡ ’ਤੇ ਸਥਿਤ ਪਿੰਡ ਬੇਨੜਾ ਵਿੱਚ ਇਕ ਪੈਟਰੋਲ ਪੰਪ ਦੇ ਕਰਿੰਦੇ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ ਕਰੀਬ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 24 ਘੰਟਿਆਂ ਦੇ ਅੰਦਰ-ਅੰਦਰ ਇਨ੍ਹਾਂ ਲੁਟੇਰਿਆਂ ਦੀ ਸ਼ਨਾਖਤ ਕਰ ਕੇ ਇਨ੍ਹਾਂ ਤਿੰਨ ਨਕਾਬਪੋਸ਼ਾਂ ’ਚੋਂ ਦੋ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇਨ੍ਹਾਂ ਦਾ ਇਕ ਸਾਥੀ ਅਜੇ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੇਨੜਾ ਅਤੇ ਗੋਲੂ ਵਾਸੀ ਪਿੰਡ ਲੱਡਾ ਵਜੋਂ ਹੋਈ ਹੈ, ਜਦੋਂ ਕਿ ਇਨ੍ਹਾਂ ਦੇ ਫਰਾਰ ਸਾਥੀ ਦੀ ਪਛਾਣ ਸੰਦੀਪ ਸਿੰਘ ਵਾਸੀ ਪਿੰਡ ਕਾਂਝਲਾ ਵਜੋਂ ਹੋਈ ਹੈ।
ਮੁਲਜ਼ਮਾਂ ਕੋਲੋਂ ਘਟਨਾ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਅਤੇ ਲੁੱਟੇ ਗਏ ਪੈਸੇ ਬਰਾਮਦ ਕਰਨ ਲਈ ਪੁੱਛਗਿਛ ਕੀਤੀ ਜਾਵੇਗੀ।
ਕੁੱਟਮਾਰ ਕਰ ਕੇ ਦੋ ਲੱਖ ਲੁੱਟੇ
ਨਾਭਾ (ਨਿੱਜੀ ਪੱਤਰ ਪ੍ਰੇਰਕ): ਪੁਲੀਸ ਨੇ ਦੋ ਵਿਅਕਤੀਆਂ ’ਤੇ ਰਾਡ ਨਾਲ ਹਮਲਾ ਕਰ ਕੇ ਉਨ੍ਹਾਂ ਕੋਲੋਂ ਦਿਨ ਦਿਹਾੜੇ ਦੋ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਰਣਬੀਰ ਸਿੰਘ ਵਾਸੀ ਰੋਹਟੀ ਖਾਸ ਆਪਣੇ ਮਿੱਤਰ ਨਾਲ ਕਾਰ ਵਿੱਚ ਬੱਸ ਸਟੈਂਡ ਵੱਲ ਜਾ ਰਿਹਾ ਸੀ। ਇਸ ਦੌਰਾਨ ਇੱਕ ਹੋਰ ਗੱਡੀ ਵਿੱਚ ਚਾਰ ਜਣਿਆਂ ਨੇ ਰਣਬੀਰ ਨੂੰ ਘੇਰ ਲਿਆ ਤੇ ਰਾਡ ਮਾਰ ਕੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਰਣਬੀਰ ਦੀ ਕੁੱਟਮਾਰ ਕੀਤੀ। ਉਪਰੰਤ ਉਹ ਰਣਬੀਰ ਦੀ ਗੱਡੀ ’ਚੋਂ ਦੋ ਲੱਖ ਰੁਪਏ ਚੁੱਕ ਕੇ ਫਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਪਵਿੱਤਰ ਸਿੰਘ ਵਾਸੀ ਖੇੜੀ ਸੋਢੀਆਂ, ਨਰਿੰਦਰ ਸਿੰਘ ਵਾਸੀ ਨਾਭਾ, ਦੀਪੂ ਵਾਸੀ ਦੁਲੱਦੀ ਤੇ ਡੌਨ ਵਾਸੀ ਨਾਭਾ ਵਜੋਂ ਹੋਈ। ਨਾਭਾ ਦੇ ਐੱਸਐੱਚਓ ਹੈਰੀ ਬੋਪਾਰਾਏ ਨੇ ਦੱਸਿਆ ਕਿ ਦੋਹਾਂ ਪਾਰਟੀਆਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਮੁਲਜ਼ਮ ਅਜੇ ਫਰਾਰ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।