ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 23 ਅਪਰੈਲ
ਇੱਥੋਂ ਦੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਢਾਈ ਕਿੱਲੋ ਅਫੀਮ ਅਤੇ ਦਸ ਕਿੱਲੋ ਭੁੱਕੀ ਚੂਰਾ ਫੜੇ ਜਾਣ ਦਾ ਦਾਅਵਾ ਕੀਤਾ ਹੈ।
ਅੱਜ ਇੱਥੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਉਪ ਕਪਤਾਲ ਪੁਲੀਸ (ਦਿੜ੍ਹਬਾ) ਪ੍ਰਿਥਵੀ ਸਿੰਘ ਚਹਿਲ ਨੇ ਦੱਸਿਆ ਕਿ ਹਾਈਵੇਅ ਪਿਕਟ ਕਾਕੂਵਾਲਾ ਵਿੱਚ ਨਾਕੇ ਦੌਰਾਨ ਪੁਲੀਸ ਪਾਰਟੀ ਵੱਲੋਂ ਇੱਕ ਟਰੱਕ (ਕੈਂਟਰ) ਨੂੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਢਾਈ ਕਿੱਲੋ ਅਫੀਮ ਅਤੇ ਦਸ ਕਿੱਲੋ ਭੁੱਕੀ ਚੂਰਾ ਬਰਾਮਦ ਕਰਕੇ ਰਾਮ ਲਾਲ ਵਾਸੀ ਪਿੰਡ ਮਹੋਲੀ ਕਲਾ ਥਾਣਾ ਸੰਦੋੜ ਜ਼ਿਲ੍ਹਾ ਮਲੇਰਕੋਟਲਾ ਅਤੇ ਜੀਵਨ ਸਿੰਘ ਵਾਸੀ ਪਿੰਡ ਸਿਆੜ ਥਾਣਾ ਮਲੋਦ ਜ਼ਿਲ੍ਹਾ ਲੁਧਿਆਣਾ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਜਿਹੜੇ ਵਿਅਕਤੀ ਨੂੰ ਇਹ ਨਸ਼ਾ ਦੇਣ ਜਾ ਰਹੇ ਸੀ, ਉਸ ਵਿਅਕਤੀ ਜਸਦੇਵ ਸਿੰਘ ਉਰਫ ਬਾਲੂ ਵਾਸੀ ਭਗਵਾਨ ਜੱਟਾਂ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਹੋਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।