ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਜੁਲਾਈ
ਸੰਗਰੂਰ ਪੁਲੀਸ ਨੇ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਗੈਂਗਸਟਰ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਗੈਂਗਸਟਰ ਅਤੇ ਪੀਓਜ਼ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਦੀਪਇੰਦਰ ਪਾਲ ਸਿੰਘ (ਇੰਚਾਰਜ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ) ਦੀ ਟੀਮ ਨੇ ਸੰਗਰੂਰ ਅਦਾਲਤ ਵੱਲੋਂ ਪੀਓ ਕਰਾਰ ਦਿੱਤੇ ਗਏ ਗੈਂਗਸਟਰ ਸੁਖਵਿੰਦਰ ਸਿੰਘ ਉਰਫ਼ ਡੋਫਲੀ ਵਾਸੀ ਪਿੰਡ ਈਲਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡੋਫਲੀ ਦੇ ਖ਼ਿਲਾਫ਼ ਵੱਖ-ਵੱਖ ਸੰਗੀਨ ਜੁਰਮਾਂ ਤਹਿਤ ਕਰੀਬ 18 ਕੇਸ ਦਰਜ ਹਨ। ਗੈਂਗਸਟਰ ਸੁਖਵਿੰਦਰ ਸਿੰਘ ਉਰਫ ਡੋਫਲੀ ਨੂੰ ਥਾਣਾ ਸਦਰ ਸੰਗਰੂਰ ਵਿੱਚ 19 ਮਈ 2019 ਨੂੰ ਇਰਾਦਾ ਕਤਲ ਸਮੇਤ ਹੋਰ ਵੱਖ-ਵੱਖ ਦੋਸ਼ਾਂ ਤਹਿਤ ਦਰਜ ਹੋਏ ਕੇਸ ਵਿਚ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡੋਫਲੀ ਖ਼ਿਲਾਫ਼ ਇਰਾਦਾ ਕਤਲ ਸਮੇਤ ਹੋਰ ਲੜਾਈ ਝਗੜਿਆਂ ਨਾਲ ਸਬੰਧਤ ਅਪਰਾਧਿਕ ਘਟਨਾਵਾਂ ਦੇ ਕੇਸ ਦਰਜ ਹਨ।
ਇਸ ਤੋਂ ਇਲਾਵਾ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲੀਸ ਵੱਲੋਂ ਥਾਣਾ ਸਦਰ ਸੰਗਰੂਰ ਵਿੱਚ 15 ਜੁਲਾਈ 2013 ਨੂੰ ਐੱਨਡੀਪੀਐਸ ਐਕਟ ਤਹਿਤ ਦਰਜ ਕੇਸ ਵਿੱਚ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤੇ ਗਏ ਮੁਲਜ਼ਮ ਅਸ਼ਵਨੀ ਕੁਮਾਰ ਵਾਸੀ ਬਾਬਾ ਫਰੀਦ ਵਾਲੀ ਗਲੀ, ਘੱਲੂਪੁਰ ਕਾਲੇ ਥਾਣਾ ਛੇਹਰਟਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।