ਪੱਤਰ ਪ੍ਰੇਰਕ
ਲਹਿਰਾਗਾਗਾ,19 ਜੂਨ
ਨੇੜਲੇ ਪਿੰਡ ਘੌੜੇਨੱਬ ਦੇ ਗੁਰਦੁਆਰਾ ਸਾਹਿਬ ’ਚ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਅਤੇ ਸੰਯੁਕਤ ਅਕਾਲੀ ਦਲ ਦੇ ਜਰਨਲ ਸਕੱਤਰ ਦੀ ਅਗਵਾਈ ’ਚ 13 ਰੋਜ਼ਾ ਗੁਰਮਤਿ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।
ਕੈਂਪ ਵਿੱਚ 70 ਨੌਜਵਾਨਾਂ, ਬੱਚਿਆਂ ਤੇ ਲੜਕੀਆਂ ਨੇ ਭਾਗ ਲਿਆ। ਕੈਂਪ ਵਿੱਚ ਭਾਈ ਬਲਵਿੰਦਰ ਸਿੰਘ ਗਾਗਾ ਪ੍ਰਚਾਰਕ ਨੇ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਅਤੇ ਸਿੱਖ ਰਹਿਤ ਮਰਿਆਦਾ ਤੋਂ ਜਾਣੂ ਕਰਵਾਇਆ। ਗੁਰਮਤਿ ਸਿਖਲਾਈ ਕੈਂਪ ਦੀ ਸੰਪੂਰਨਤਾ ਅਤੇ ਸੋਹਣੀਆਂ ਦਸਤਾਰਾਂ ਤੇ ਲੰਮੇ ਕੇਸ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੰਮੇ ਕੇਸ ਰੱਖਣ ਦਾ ਪ੍ਰਣ ਲਿਆ। ਭਾਈ ਬਲਵਿੰਦਰ ਸਿੰਘ ਗਾਗਾ ਨੇ ਗੁਰਬਾਣੀ ਕੰਠ, ਭਾਈ ਅਮਰਜੀਤ ਸਿੰਘ ਨਵਾਂ ਗਾਓ ਨੇ ਦਸਤਾਰ ਸਿਖਲਾਈ ਦਿੱਤੀ ਅਤੇ ਮੁਕਾਬਲੇ ਕਰਵਾਏ ਗਏ। ਜੇਤੂਆਂ ਨੂੰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਟਰਾਫੀਆਂ, ਮੈਡਲ, ਸਰਟੀਫਿਕੇਟ ਤੇ ਧਾਰਮਿਕ ਕਿਤਾਬਾਂ ਦੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਦਸਤਾਰ ਸਿੱਖੀ ਦੀ ਪਛਾਣ ਹੈ। ਉਨ੍ਹਾਂ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੁੜਣ ਤੇ ਸੋਹਣੀ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਸਿੱਖੀ ਇਤਿਹਾਸ ਦੀਆਂ ਵਾਰਾਂ ਗਾ ਕੇ ਨਿਹਾਲ ਕੀਤਾ।
ਗੁਰਮਤਿ ਸਿਖਲਾਈ ਕੈਂਪ ਜਾਰੀ
ਪਟਿਆਲਾ (ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਚੱਲ ਰਹੇ ਗੁਰਮਤਿ ਸਿਖਲਾਈ ਕੈਂਪ ’ਚ ਅੱਜ ਉਚੇਚੇ ਤੌਰ ’ਤੇ ਸਿੱਖ ਇਤਿਹਾਸਕਾਰ ਅਤੇ ਲੇਖਕ ਪ੍ਰੋ. ਹਰਪਾਲ ਸਿੰਘ ਪਨੂੰ ਵਿਸ਼ੇਸ਼ ਤੌਰ ’ਤੇ ਪੁੱਜੇ। ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਇਤਿਹਾਸ ਨਾਲ ਜੋੜਨ ਲਈ ਸਿੱਖ ਧਰਮ ਦੇ ਮੋਢੀ ਅਤੇ ਮਾਨਵਤਾ ਦੇ ਰਹਬਿਰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਯਾਤਰਾਵਾਂ ਨਾਲ ਸਬੰਧਤ ਜਨਮ ਸਾਖੀਆਂ ਦਾ ਪਾਠ ਪੜ੍ਹਾਇਆ। ਉਨ੍ਹਾ ਕਿਹਾ ਕਿ ਵਿਦਿਆਰਥੀਆਂ ਨੂੰ ਗੁਰਮਤਿ ਅਨੁਸਾਰ ਜੀਵਨ ਜਾਚ ਪ੍ਰਦਾਨ ਕਰਨੀ ਮਹਾਨ ਕਾਰਜਾਂ ਵਿਚੋਂ ਇਕ ਹੈ।