ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 3 ਅਪਰੈਲ
ਟਰੱਕ ਯੂਨੀਅਨ ਦਿੜ੍ਹਬਾ ਦੀ ਅੱਜ ਹੋਈ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਜੇ ਸਿੰਗਲਾ ਅੱਗਰਵਾਲ ਆਪਣੇ ਵਿਰੋਧੀ ਲਖਵਿੰਦਰ ਸਿੰਘ ਲੱਖੀ ਨੂੰ 84 ਵੋਟਾਂ ਦੇ ਫਰਕ ਨਾਲ ਹਰਾ ਕੇ ਟਰੱਕ ਯੂਨੀਅਨ ਦਿੜ੍ਹਬਾ ਦੇ ਪ੍ਰਧਾਨ ਬਣੇ।
ਜਾਣਕਾਰੀ ਅਨੁਸਾਰ ਡੀਐਸਪੀ ਦਿੜ੍ਹਬਾ ਅਤੇ ਨਾਇਬ ਤਹਿਸੀਲਦਾਰ ਦਿੜ੍ਹਬਾ ਦੀ ਸਰਪ੍ਰਸਤੀ ਤੇ ਪੁਲੀਸ ਪ੍ਰਸ਼ਾਸਨ ਦੀ ਦੇਖ ਰੇਖ ਹੇਠ ਯੂਨੀਅਨ ਦੀਆਂ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਸ਼ੁਰੂ ਹੋਇਆ ਅਤੇ ਕੁੱਲ 246 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ 2 ਵੋਟਾਂ ਰੱਦ ਹੋ ਗਈਆਂ ਤੇ ਪਈਆਂ ਕੁੱਲ 244 ਵੋਟਾਂ ਵਿੱਚੋਂ ਅਜੇ ਸਿੰਗਲਾ ਅੱਗਰਵਾਲ ਨੂੰ 164 ਵੋਟਾਂ ਪਈਆਂ ਜਦ ਕਿ ਉਸ ਦੇ ਵਿਰੋਧੀ ਲਖਵਿੰਦਰ ਸਿੰਘ ਲੱਖੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਦਿੜ੍ਹਬਾ ਨੂੰ 80 ਵੋਟਾਂ ਪਈਆਂ, ਜਿਸ ਕਰਕੇ ਉਹ ਆਪਣੇ ਵਿਰੋਧੀ ਤੋਂ 84 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ। ਉਧਰ ਪ੍ਰਧਾਨਗੀ ਦੀ ਚੋਣ ਵਿੱਚ ਹਾਰੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਨੇ ਇਸ ਚੋਣ ਸਬੰਧੀ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਉਹ ਹਾਰ ਗਏ ਹਨ ਪਰੰਤੂ ਵੋਟਾਂ ਪੂਰੇ ਅਮਨ ਸ਼ਾਂਤੀ ਨਾਲ ਪਈਆਂ ਹਨ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਮਤਭੇਦ ਨਹੀਂ ਹੋਇਆ। ਇਸ ਮੌਕੇ ਰਾਜ ਸਿੰਘ, ਜਗਦੀਸ਼ ਰਾਏ ਸਿੰਗਲਾ, ਗੁੱਡੂ ਸਿੰਗਲਾ, ਇੰਦਰਜੀਤ ਸ਼ਰਮਾ, ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
ਸੰਤੋਖ ਸਿੰਘ ਨੇ ਟਰੱਕ ਯੂਨੀਅਨ ਸੰਦੌੜ ਦੀ ਪ੍ਰਧਾਨਗੀ ਸੰਭਾਲੀ
ਸੰਦੌੜ (ਮੁਕੰਦ ਸਿੰਘ ਚੀਮਾ): ਆਮ ਆਦਮੀ ਪਾਰਟੀ ਨੇ ਬਾਬਾ ਅਤਰ ਸਿੰਘ ਖਾਲਸਾ ਟਰੱਕ ਅਪਰੇਟਰਜ਼ ਯੂਨੀਅਨ ਸੰਦੌੜ ਦਾ ਪ੍ਰਧਾਨ ਬਦਲ ਕੇ ਨਵਾਂ ਪ੍ਰਧਾਨ ਸੰਤੋਖ ਸਿੰਘ ਅਤੇ ਮੀਤ ਪ੍ਰਧਾਨ ਵਜੋਂ ਚਰਨਜੀਤ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਹੈ। ਇਨ੍ਹਾਂ ਦੋਵੇਂ ਆਗੂਆਂ ਨੂੰ ਬੀਤੀ ਰਾਤ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਆਪਣੇ ਦਫ਼ਤਰ ਬੁਲਾ ਕੇ ਪ੍ਰਧਾਨ ਅਤੇ ਮੀਤ ਪ੍ਰਧਾਨ ਥਾਪ ਦਿੱਤਾ ਸੀ। ਅੱਜ ਬਾਅਦ ਦੁਪਹਿਰ ਦੋਵੇਂ ਆਗੂਆਂ ਨੂੰ ਪੁਲੀਸ ਦੀ ਹਾਜ਼ਰੀ ਵਿੱਚ ਕੁਰਸੀ ’ਤੇ ਬਿਠਾਇਆ ਗਿਆ। ਇਸ ਮੌਕੇ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੋਇਆ ਸੀ। ਇਸ ਦੌਰਾਨ ਉਥੇ ਹਾਜ਼ਰ ਟਰੱਕ ਅਪਰੇਟਰਾਂ ਨੇ ਆਪ ਪਾਰਟੀ ਵੱਲੋਂ ਜ਼ਬਰਦਸਤੀ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਏ ਜਾਣ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ। ਅਪਰੇਟਰਾਂ ਨੇ ਕਿਹਾ ਕਿ ਵੋਟਾਂ ਜ਼ਰੀਏ ਪ੍ਰਧਾਨ ਬਣਾਉਣਾ ਚਾਹੀਦਾ ਸੀ। ਉਧਰ ਨਵ ਨਿਯੁਕਤ ਪ੍ਰਧਾਨ ਸੰਤੋਖ ਸਿੰਘ ਦਸੌਧਾ ਸਿੰਘ ਨੇ ਟਰੱਕ ਅਪ੍ਰੇਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਇਕ ਅਪਰੇਟਰ ਦਾ ਮਾਣ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਆਪ ਆਗੂ ਜਿਲ੍ਹਾ ਪ੍ਰਧਾਨ ਜਾਫਰ ਅਲੀ, ਸਾਬਕਾ ਪ੍ਰਧਾਨ ਬਾਰਾ ਸਿੰਘ ਖੁਰਦ, ਕਰਮਜੀਤ ਸਿੰਘ, ਜਗਤਾਰ ਸਿੰਘ ਜੱਸਲ, ਹਰੀਪਾਲ ਸਿੰਘ ਕਸਬਾ ਭੁਰਾਲ, ਸਤਿਗੁਰ ਸਿੰਘ ਕਲਿਆਣ ਆਦਿ ਹਾਜ਼ਰ ਸਨ।