ਨਿੱਜੀ ਪੱਤਰ ਪ੍ਰੇਰਕ
ਧੂਰੀ, 4 ਮਾਰਚ
ਇੱਥੋਂ ਦੀ ਨਵੀਂ ਅਨਾਜ ਮੰਡੀ ਤੋਤਾਪੁਰੀ ਰੋਡ ਤੋਂ ਸੰਗਰੂਰ ਬਾਈਪਾਸ ਤੱਕ ਜਾਂਦੀ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਮੰਤਰੀਆਂ ਅਤੇ ਵਿਧਾਇਕ ਦੇ ਦਾਅਵਿਆਂ ਦੇ ਉਲਟ ਜੇਕਰ ਧੂਰੀ ਸ਼ਹਿਰ ਦੀ ਨਵੀਂ ਅਨਾਜ ਮੰਡੀ ਨੂੰ ਜਾਂਦਿਆਂ ਸੜਕਾਂ ’ਤੇ ਨਜ਼ਰ ਮਾਰੀਏ ਤਾਂ ਸੜਕਾਂ ਬਣਾਉਣ ਦੇ ਸਾਰੇ ਵਾਅਦੇ ਖੋਖਲੇ ਨਜ਼ਰ ਆਉਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਡਬਲਯੂ.ਡੀ. ਪ੍ਰਸ਼ਾਸਨ, ਮੰਡੀ ਬੋਰਡ ਇਸ ਸੜਕ ’ਤੇ ਪਏ ਟੋਇਆਂ ਅਤੇ ਸੜਕ ਤੇ ਨਿਕਲੇ ਪੱਥਰਾਂ ਅਤੇ ਹਾਦਸਿਆਂ ਨੂੰ ਦੇਖਦੇ ਹੋਏ ਅਣਜਾਣਤਾ ਪ੍ਰਗਟਾ ਰਿਹਾ ਹੈ। ਇਸ ਸੜਕ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਪਤਵੰਤੇ ਵਿਅਕਤੀਆਂ ਅਤੇ ਮੰਡੀ ਵਿੱਚ ਆਉਂਦੇ ਕਿਸਾਨਾਂ ਵੱਲੋਂ ਇਨ੍ਹਾਂ ਟੋਇਆਂ ਅਤੇ ਪੱਥਰਾਂ ਕਰਕੇ ਨਿੱਤ ਵਾਪਰਦੇ ਹਾਦਸਿਆਂ ਸਬੰਧੀ ਲੰਮੇ ਸਮੇਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਕਿਸੇ ਵੀ ਵਿਭਾਗ ਨੇ ਇਨ੍ਹਾਂ ਟੋਇਆ ਅਤੇ ਖਿੱਲਰੇ ਪੱਥਰਾਂ ਨੂੰ ਠੀਕ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਮੁੱਖ ਸੜਕ ਵਿੱਚ ਪਏ ਇਨ੍ਹਾਂ ਟੋਇਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਸੜਕ ਤੇ ਜਲਦੀ ਪ੍ਰੀਮਿਕਸ ਪਾਇਆ ਜਾਵੇ।