ਪੱਤਰ ਪ੍ਰੇਰਕ
ਸ਼ੇਰਪੁਰ, 10 ਅਗਸਤ
ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਪੰਜਾਬ ਭਰ ਅੰਦਰ 14 ਅਗਸਤ ਤੱਕ ਕੀਤੀ ਜਾ ਰਹੀ ਪੰਜ ਰੋਜ਼ਾ ਪੈਦਲ ਤਿਰੰਗਾ ਯਾਤਰਾ ਤੋਂ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਤਿਰੰਗੇ ਦੀ ਸ਼ਾਨ ਵਿੱਚ ਉਹ ਪਾਰਟੀਆਂ ਵੀ ਅੱਗੇ ਆ ਰਹੀਆਂ ਹਨ ਜਿਨ੍ਹਾਂ ਤੋਂ ਉੱਕਾ ਹੀ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਪੈਦਲ ਤਿਰੰਗਾ ਯਾਤਰਾ ਰਾਹੀਂ ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਲਾਮ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੇ ਤਿਰੰਗੇ ਦੀ ਸ਼ਾਨ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਿੱਤੀਆਂ। ਮੰਤਰੀ ਭਾਰਤ ਭੂਸ਼ਨ ਆਸ਼ੂ ਅੱਜ ਸ਼ੇਰਪੁਰ ਤੋਂ ਖੇੜੀ ਕਲਾਂ, ਖੇੜੀ ਖੁਰਦ, ਈਨਾਬਾਜਵਾ ਸਮੇਤ ਹੋਰ ਪਿੰਡਾਂ ਵਿੱਚ ਗਈ ਪੈਦਲ੍ਹ ਯਾਤਰਾ ਵਿੱਚ ਸ਼ਾਮਲ ਹੋਣ ਗੱਲਬਾਤ ਕਰ ਰਹੇ ਸਨ। ਇਸ ਮੌਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਗਿਆ। ਤਿਰੰਗਾ ਪੈਦਲ ਯਾਤਰਾ ਵਿੱਚ ਕਾਂਗਰਸ ਦੇ ਮੋਹਰੀ ਆਗੂ ਸਾਬਕਾ ਸਰਪੰਚ ਜਸਮੇਲ ਬੜੀ, ਚਮਕੌਰ ਸਿੰਘ ਭੋਲਾ ਟਿੱਬਾ, ਬਹਾਦਰ ਸਿੰਘ ਸ਼ੇਰਪੁਰ, ਸਾਬਕਾ ਉਪ-ਚੇਅਰਮੈਨ ਕਰਿਸ਼ਨ ਕੁਮਾਰ ਨੀਟਾ, ਗੁਰਮੇਲ ਮੌੜ, ਜਸਵੀਰ ਸਿੰਘ ਖੇੜੀ, ਰਾਮਦਾਸ ਬਿੱਟੂ ਹਾਜ਼ਰ ਸਨ।
ਪਾਤੜਾਂ (ਪੱਤਰ ਪ੍ਰੇਰਕ): ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੇ ਜਾਣ ਦੀ ਲੜੀ ਤਹਿਤ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਸ਼ਹਿਰ ਦੇ ਜਾਖਲ ਰੋਡ ਉਤੇ ਮਿਲਣ ਮੈਰਿਜ ਪੈਲੇਸ ਤੋਂ ਸ਼ੁਰੂ ਕੀਤੀ ਗਈ ਤਿਰੰਗਾ ਯਾਤਰਾ ਵਿੱਚ ਕਾਂਗਰਸੀ ਵਰਕਰਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਪਹਿਰਾ ਦੇਣ ਦਾ ਸੱਦਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਧਰਮਪਾਲ ਬਰਾਸ, ਬਲਾਕ ਸੰਮਤੀ ਮੈਂਬਰ ਪਿਆਰਾ ਰਾਮ ਗੁਲਾਹੜ, ਸਤਨਾਮ ਸਿੰਘ ਪਲਾਸੌਰ ਅਤੇ ਧਰਮਿੰਦਰ ਸਿੰਘ ਸ਼ੇਰਗੜ੍ਹ ਹਾਜ਼ਰ ਸਨ।