ਪੱਤਰ ਪ੍ਰੇਰਕ
ਲਹਿਰਾਗਾਗਾ,14 ਅਗਸਤ
ਹਲਕੇ ਵਿੱਚ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਗਈ ਜੋ ਲਹਿਰਾਗਾਗਾ ਤੋਂ ਸ਼ੁਰੂ ਹੋ ਕੇ ਮੂਨਕ ਵਿੱਚ ਸਮਾਪਤ ਹੋਈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਲਹਿਰਾਗਾਗਾ ਦੇ ਸ਼ਹੀਦ ਕੋਬਰਾ ਕਮਾਂਡੋ ਵਰਿੰਦਰ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਭੱਠਲ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਘਰ ’ਤੇ ਕੌਮੀ ਝੰਡਾ ਲਾਉਣ ਦਾ ਹੁਕਮ ਸੁਣਾਈ ਰਹੀ ਹੈ ਜਦਕਿ ਗ਼ਰੀਬ ਲੋਕ ਨਿੱਤ ਦੀ ਰੋਟੀ ਨੂੰ ਤਰਸ ਰਹੇ ਹਨ। ਇਸ ਮੌਕੇ ਰਾਹੁਲਇੰਦਰ ਸਿੱਧੂ, ਜਸਵਿੰਦਰ ਰਿੰਪੀ, ਸੋਮ ਨਾਥ ਸਿੰਗਲਾ, ਰਵਿੰਦਰ ਟੁਰਨਾ ਆਦਿ ਹਾਜ਼ਰ ਸਨ।
ਭਾਜਪਾ ਵੱਲੋਂ ਸ਼ਹੀਦ ਨਾਇਕ ਮਲਕੀਤ ਸਿੰਘ ਨੂੰ ਸਿਜਦਾ
ਦੇਵੀਗੜ੍ਹ (ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਹਿੰਦੂ ਸੇਵਾ ਸੰਘਠਨ ਮੰਡਲ ਦੇਵੀਗੜ੍ਹ ਵੱਲੋਂ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਵਿੱਚ ਦੇਵੀਗੜ੍ਹ ਇਲਾਕੇ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਪਿੰਡ ਬਰਕਤਪੁਰ ਤੋਂ ਸ਼ੁਰੂ ਹੋ ਕੇ ਪਿੰਡ ਹੜਾਣਾ ਵਿੱਚ ਸ਼ਹੀਦ ਨਾਇਕ ਮਲਕੀਤ ਸਿੰਘ ਨੂੰ ਸਿਜਦਾ ਕਰਕੇ ਸਮਾਪਤ ਹੋਈ।
ਰਾਜਪੁਰਾ (ਪੱਤਰ ਪ੍ਰੇਰਕ): ਭਾਜਪਾ ਵਰਕਰਾਂ ਵੱਲੋਂ ਆਗੂ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ, ਸੀਨੀਅਰ ਆਗੂ ਜਗਦੀਸ਼ ਕੁਮਾਰ ਜੱਗਾ, ਪਰਦੀਪ ਨੰਦਾ, ਡਾ. ਨੰਦ ਲਾਲ ਆਦਿ ਦੀ ਅਗਵਾਈ ਵਿੱਚ ਭਾਜਪਾ ਦੇ ਸਥਾਨਕ ਦਫਤਰ ਤੋਂ ਵੱਖ-ਵੱਖ ਬਾਜ਼ਾਰਾਂ ਵਿੱਚ ਤਿਰੰਗਾ ਯਾਤਰਾ ਕੱਢੀ ਗਈ।
ਅਮਨ ਅਰੋੜਾ ਨੇ ਸ਼ਹੀਦੀ ਸਮਾਗਮ ’ਚ ਕੌਮੀ ਝੰਡਾ ਲਹਿਰਾਇਆ
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਸ਼ਹੀਦ ਊਧਮ ਸਿੰਘ ਸਮਾਰਕ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਮੁਲਕ ਦੇ 75ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸ਼ਹੀਦ ਊਧਮ ਸਿੰਘ ਜਿਹੇ ਅਨੇਕਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਆੜ੍ਹਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ ਆਦਿ ਮੌਜੂਦ ਸਨ।