ਪੱਤਰ ਪ੍ਰੇਰਕ
ਲਹਿਰਾਗਾਗਾ, 29 ਅਕਤੂਬਰ
ਨੇੜਲੇ ਪਿੰਡ ਖੋਖਰ ਕਲਾਂ ’ਚ ਇਲਕਲਾਬੀ ਜਮਹੂਰੀ ਮੋਰਚਾ ਪੰਜਾਬ ,ਲੋਕ ਸੰਗਰਾਮ ਮੰਚ (ਆਰਡੀਐੱਫ)ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਲੋਕ ਹਿੱਤਾਂ ਲਈ ਸੰਘਰਸ਼ਸੀਲ ਅਤੇ ਨਕਸਲਬਾੜੀ ਲਹਿਰ ਦੇ ਆਗੂ ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਦਾ 15ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਦੀਆਂ ਖੱਬੇ ਪੱਖੀ ਜਨਤਕ ਜਥੇਬੰਦੀਆਂ ਨੇ ਕਾਫਲੇ ਦੇ ਰੂਪ ’ਚ ਸ਼ਹੀਦ ਸ਼ੇਰੀ ਦੀ ਯਾਦ ਬਣੇ ਸਮਾਰਕ ’ਤੇ ਦੋ ਦਿਨ ਦਾ ਮੋਨ ਧਾਰ ਕੇ ਸ਼ਰਧਾਜਲੀ ਭੇਟ ਕਰਨ ਮਗਰੋਂ ਕਾਮਰੇਡ ਸ਼ੇਰੀ ਦੇ ਹੱਕ ’ਚ ਨਾਅਰੇਬਾਜ਼ੀ ਕਰਦੇ ਹੋਏ ਪਿੰਡ ਦੀਆਂ ਗਲੀਆਂ ’ਚ ਮਾਰਚ ਕੀਤਾ। ਇਸ ਮਗਰੋਂ ਪਿੰਡ ਦੀ ਸੱਥ ’ਚ ਕਾਨਫਰੰਸ ਕੀਤੀ। ਇਸ ਮੌਕੇ ਲੋਕ ਸੰਗਰਾਮ ਮੰਚ (ਆਰਡੀਐੱਫ) ਦੀ ਜਰਨਲ ਸਕੱਤਰ ਸੁਖਵਿੰਦਰ ਕੌਰ ਅਤੇ ਇਨਕਲਾਬੀ ਲੋਕ ਮੋਰਚਾ ਦੇ ਸਵਰਨਜੀਤ ਸਿੰਘ , ਸੰਪੂਰਨ ਛਾਜਲੀ ਅਤੇ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ’ਚ ਮੋਦੀ ਸਰਕਾਰ ਵੱਲੋਂ ਅਣਐਲਾਨੀ ਮਨੂੰਵਾਦੀ/ ਫਾਸ਼ੀਵਾਦੀ ਏਜੰਡੇ ਅਧੀਨ ਐਮਰਜੈਸੀ ਵਰਗੇ ਹਾਲਤ ਬਣਾਏ ਜਾ ਰਹੇ ਹਨ।