ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਜਨਵਰੀ
ਪਿੰਡ ਜਲੂਰ ’ਚ ਅੱਜ ਪੰਚਾਇਤੀ ਜ਼ਮੀਨੀ ਘੋਲ ਦੀ ਪਹਿਲੀ ਸ਼ਹੀਦ ਮਾਤਾ ਗੁਰਦੇਵ ਕੌਰ ਨੂੰ ਸਮਰਪਿਤ ਚੌਥਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ’ਚ ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ ਗਿਆ। ਸਮਾਗਮ ਵਿੱਚ ਲਾਈਫ ਔਨ ਸਟੇਜ ਵੱਲੋਂ ਮੌਜੂਦਾ ਸਮੇਂ ਦੇ ਹਾਲਤਾਂ ਨੂੰ ਬਿਆਨ ਕਰਦਾ ਨਾਟਕ ਡਰਨਾ ਪੇਸ਼ ਕੀਤਾ ਗਿਆ।
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਸੁਖਪਾਲ ਖਿਆਲੀਵਾਲਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਸਿੰਘ ਜਲੂਰ ,ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਗਸੀਰ ਸਿੰਘ ਨਮੋਲ, ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਕੱਤਰ ਮਨਜੀਤ ਸਿੰਘ ਨਮੋਲ ,ਐੱਫ ਸੀ ਆਈ ਪੱਲੇਦਾਰ (ਆਜ਼ਾਦ) ਯੂਨੀਅਨ ਦੇ ਸੂਬਾ ਆਗੂ ਰਾਮਪਾਲ ਮੂਣਕ ਨੇ ਕਿਹਾ ਕਿ ਸ਼ਹੀਦ ਮਾਤਾ ਗੁਰਦੇਵ ਤੀਜੇ ਹਿੱਸੇ ਜ਼ਮੀਨ ਦੀ ਪਹਿਲੀ ਸ਼ਹੀਦ ਹੈ।
ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਬਣੇ ਕਾਨੂੰਨ ਨੂੰ ਵੀ ਲਾਗੂ ਨਹੀਂ ਕੀਤਾ ਜਾਦਾਂ। ਪ੍ਰਬੰਧਕਾਂ ਵੱਲੋਂ ਸਿੰਦਰਪਾਲ ਕੌਰ ਅਤੇ ਹਰਤੇਜ ਸਿੰਘ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਬਲਵਿੰਦਰ ਜਲੂਰ ਨੇ ਬਾਖੂਬੀ ਨਿਭਾਈ।
ਇਨਕਲਾਬੀ ਗੀਤ ਗੁਰਪਾਲ ਬੱਗੀ ,ਕਮਲਦੀਪ ਜਲੂਰ, ਕੁਲਦੀਪ ਜਲੂਰ, ਸੁਰਜੀਤ ਭੱਠਲ ਨੇ ਪੇਸ਼ ਕੀਤੇ। ਇਸ ਮੌਕੇ ਨਾਟਕਕਾਰ ਸੈਮੁਅਲ ਜੌਹਨ, ਪ੍ਰੋਫੈਸਰ ਜਤਿੰਦਰ ਸਿੰਘ, ਪ੍ਰਦੀਪ ਸਿੰਘ ਕਸਬਾ, ਬਹਾਲ ਸਿੰਘ ਹਾਜ਼ਰ ਸਨ।