ਮੁਕੰਦ ਸਿੰਘ ਚੀਮਾ
ਸੰਦੌੜ, 6 ਜੂਨ
ਪਿੰਡ ਕੁਠਾਲਾ ਵਿੱਚ ਕੁੱਝ ਦਿਨ ਪਹਿਲਾਂ ਆਰਥਿਕ ਤੰਗੀ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਇਕੋ ਪਰਿਵਾਰ ਦੀਆਂ ਤਿੰਨ ਔਰਤਾਂ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਔਰਤਾਂ ਵਿਚ ਘਰ ਦੀ ਮੁਖੀ ਸੁਖਵਿੰਦਰ ਕੌਰ ਮਹਿਲਾ ਨੰਬਰਦਾਰ ਵੀ ਸ਼ਾਮਲ ਸੀ। ਅੱਜ ਉਕਤ ਤਿੰਨੋਂ ਔਰਤਾਂ ਦੀ ਅੰਤਿਮ ਅਰਦਾਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਜਿੱਥੇ ਤਿੰਨੋਂ ਔਰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਹੀ ਪਰਿਵਾਰ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਆਪਣੇ ਵੱਲੋਂ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਚੈੱਕ ਵੀ ਪਰਿਵਾਰ ਨੂੰ ਸੌਂਪਿਆ। ਇਸ ਦੌਰਾਨ ਨੰਬਰਦਾਰ ਗੁਰਪਾਲ ਸਿੰਘ ਸਮਰਾ ਨੇ ਐਲਾਨ ਕੀਤਾ ਕਿ ਮਰਹੂਮ ਸੁਖਵਿੰਦਰ ਕੌਰ ਦੇ ਦੋਹਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਉਹ ਖ਼ੁਦ ਚੁੱਕਣਗੇ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਮਰਾ ਨੇ ਕਿਹਾ ਕਿ ਚੰਗੇ ਮਾੜੇ ਹਾਲਾਤ ਹਰ ਵਿਅਕਤੀ ਦੇ ਜੀਵਨ ਦਾ ਹਿੱਸਾ ਹਨ ਪਰ ਕਦੇ ਵੀ ਖ਼ੁਦਕੁਸ਼ੀ ਕਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਵਿੱਤੀ ਹਾਲਤ ਪੱਖੋਂ ਮਜ਼ਬੂਤ ਲੋਕਾਂ ਨੂੰ ਆਪੋ-ਆਪਣੇ ਪਿੰਡਾਂ ਵਿਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ, ਪ੍ਰੈੱਸ ਸਕੱਤਰ ਸ਼ਿੰਗਾਰਾ ਸਿੰਘ ਆਦਿ ਵੀ ਹਾਜ਼ਰ ਸਨ।