ਰਮੇਸ਼ ਭਾਰਦਵਾਜ
ਲਹਿਰਾਗਾਗਾ, 28 ਅਕਤੂਬਰ
ਇੱਥੇ ਰਿਲਾਇੰਸ ਪੰਪ ਅੱਗੇ 391ਵੇਂ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਅੱਜ ਦਿੱਲੀ ਦੀ ਟਿਕਰੀ ਹੱੱਦ ’ਤੇ ਟਰੱਕ ਹੇਠਾਂ ਕੁਚਲ ਕੇ ਮਾਰੀਆਂ ਗਈਆਂ ਮਾਨਸਾ ਦੀਆਂ ਤਿੰਨ ਸੰਘਰਸ਼ਕਾਰੀ ਔਰਤਾਂ ਨੂੰ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਮਾਵਾਂ ਭੈਣਾਂ ਅਤੇ ਨੌਜਵਾਨਾਂ ਨੇ ਦੋ ਮਿੰਟ ਖੜੇ ਹੋ ਕੇ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਜਥੇਬੰਦੀ ਵੱਲੋਂ ਸੰਘਰਸ਼ਕਾਰੀ ਔਰਤਾਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਟਰੱਕ ਚਾਲਕ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਵੱਲੋਂ ਖੇਤੀ ਲਈ ਬਣਾਏ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਦੀ ਬਜਾਏ ਗੱਡੀਆਂ ਸੰਘਰਸ਼ਕਾਰੀਆਂ ’ਤੇ ਚੜ੍ਹਾ ਕੇ ਹੱਦ ਦਰਜੇ ਦੀ ਘਟੀਆਂ ਕਾਰਵਾਈ ਕਰ ਰਹੀਆਂ ਹਨ ਪਰ ਕਿਸਾਨੀ ਸੰਘਰਸ਼ ਲਗਾਤਾਰ ਸ਼ਹੀਦਾਂ ਦੀ ਗਿਣਤੀ ਵੱਧਣ ਤੋਂ ਘਬਰਾਉਣ ਵਾਲਾ ਨਹੀਂ ਸਗੋ ਸ਼ੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਬਠਿੰਡਾ ਦੇ ਮਿਨੀ ਸੈਕਟਰੀਏਟ ਦਫ਼ਤਰ ਦੇ ਘਿਰਾਓ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਲਹਿਰਾਗਾਗਾ ਬਲਾਕ ਤੋਂ ਕਿਸਾਨਾਂ, ਮਜ਼ਦੂਰਾਂ ਦੀ ਬੱਸ ਭਰ ਕੇ ਭੇਜੀ ਗਈ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਸੂਬਾ ਸਿੰਘ ਸੰਗਤਪੁਰਾ, ਕਰਨੈਲ ਸਿੰਘ ਗਨੋਟਾ, ਜਗਦੀਪ ਸਿੰਘ ਲਹਿਲ ਖੁਰਦ, ਹਰਸੇਵਕ ਸਿੰਘ ਲਹਿਲ ਖੁਰਦ, ਜੈਦੀਪ ਸਿੰਘ ਲਹਿਲ ਖੁਰਦ, ਮੱਖਣ ਸਿੰਘ ਪਾਪੜਾ, ਨਿੱਕਾ ਸਿੰਘ ਸੰਗਤੀਵਾਲਾ, ਕੁਲਦੀਪ ਸਿੰਘ ਰਾਮਗੜ੍ਹ, ਬਿੰਦਰ ਸਿੰਘ ਖੋਖਰ, ਹਰਪ੍ਰੀਤ ਸਿੰਘ, ਪ੍ਰੀਤਮ ਸਿੰਘ ਲਹਿਲ ਕਲਾ, ਹਰਜਿੰਦਰ ਸਿੰਘ ਨੰਗਲਾ, ਜਗਸੀਰ ਸਿੰਘ ਖੰਡੇਬਾਦ, ਕਰਮਜੀਤ ਕੌਰ ਭੁਟਾਲ ਕਲਾ, ਜਸਵਿੰਦਰ ਕੌਰ ਗਾਗਾ, ਬੰਤ ਕੌਰ ਘੋੜੇਨਾਵ, ਬਲਜੀਤ ਕੌਰ ਲਹਿਲ ਕਲਾ ਅਤੇ ਹੋਰ ਆਗੂ ਹਾਜ਼ਰ ਸਨ।
ਵਿਜੈਇੰਦਰ ਸਿੰਗਲਾ ਵੱਲੋਂ ਦੁੱਖ ਦਾ ਪ੍ਰਗਟਾਵਾ
ਸੰਗਰੂਰ ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਲੋਕ ਨਿਰਮਾਣ ਅਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਵਿਜੈਇੰਦਰ ਸਿੰਗਲਾ ਨੇ ਟਿਕਰੀ ਬਾਰਡਰ ਨੇੜੇ ਤਿੰਨ ਕਿਸਾਨ ਬੀਬੀਆਂ ਦੀ ਇੱਕ ਹਾਦਸੇ ਵਿਚ ਹੋਈ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ, “ਤੇਜ਼ ਰਫਤਾਰ ਟਰੱਕ ਦੀ ਲਪੇਟ ਵਿੱਚ ਆ ਕੇ ਤਿੰਨ ਔਰਤਾਂ ਦੀ ਮੌਤ ਅਤੇ ਦੋ ਦੇ ਜਖਮੀ ਹੋ ਜਾਣ ਦੀ ਟਿਕਰੀ ਬਾਰਡਰ ਤੋਂ ਆਈ ਖ਼ਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਮੈਂ ਹਰ ਤਰਾਂ ਨਾਲ ਕਿਸਾਨਾਂ ਦੇ ਨਾਲ ਹਾਂ ਜੋ ਪਿਛਲੇ ਸਾਲ ਤੋਂ ਕਈ ਤੂਫਾਨਾਂ ਦਾ ਸਾਹਮਣਾ ਕਰ ਰਹੇ ਹਨ ਤੇ ਇੱਕ ਵਾਰ ਫਿਰ ਇੱਕ ਹੋਰ ਦੁਖਾਂਤ ਦਾ ਸਾਹਮਣਾ ਕੀਤਾ ਗਿਆ ਹੈ।’’