ਗੁਰਨਾਮ ਸਿੰਘ ਚੌਹਾਨ
ਪਾਤੜਾ਼, 12 ਜੂਨ
ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਥੇਬੰਧਕ ਸਕੱਤਰ ਗੁਰਸੇਵਕ ਸਿੰਘ ਧੂਹੜ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਿੰਡ ਧੂਹੜ ਵਿਖੇ ਕਰਵਾਇਆ ਗਿਆ ਜਿਸ ’ਚ ਰਾਜਨੀਤਕ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਾਬਕਾ ਵਿਧਾਇਕਾ ਬੀਬੀ ਲੂੰਬਾ ਨੇ ਕਿਹਾ ਕਿ ਧੂਹੜ ਨੇ ਆਮ ਪਰਿਵਾਰ ਤੋਂ ਉੱਠ ਕੇ ਛੋਟੀ ਉਮਰ ’ਚ ਇਲਾਕੇ ’ਚ ਧੜੱਲੇਦਾਰ ਰਾਜਨੀਤਕ ਆਗੂ ਵਜੋਂ ਪਛਾਣ ਬਣਾਈ ਸੀ। ਉਨ੍ਹਾਂ ਦੇ ਕੰਮ ਕਰਨ ਦੇ ਜਜ਼ਬੇ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਿੰਡ ਪੱਧਰ ਦੇ ਵਰਕਰ ਬਹੁਤ ਪ੍ਰਭਾਵਿਤ ਸਨ। ਆਰਟੀਏ ਹੁਸ਼ਿਆਰਪੁਰ ਕਰਨ ਸਿੰਘ ਨੇ ਕਿਹਾ ਕਿ ਗੁਰਸੇਵਕ ਉਨ੍ਹਾਂ ਦਾ ਭਰਾ ਸੀ, ਉਸ ਵੱਲੋਂ ਦਿੱਤੇ ਸਹਿਯੋਗ ਨੂੰ ਉਹ ਕਦੇ ਨਹੀਂ ਭੁੱਲ ਸਕਦੇ। ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ ਕਿਹਾ ਕਿ ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਦੇ ਮਨਾਂ ’ਚ ਲੋਕਾਈ ਦਾ ਦਰਦ ਹੁੰਦਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਧੂਹੜ ਦੇ ਘਰ ਪਹੁੰਚ ਕੇ ਦੁੱਖ ਪ੍ਰਗਟਾਇਆ। ਸ਼ਰਧਾਂਜਲੀ ਸਮਾਰੋਹ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਾਲਵਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।