ਪੱਤਰ ਪ੍ਰੇਰਕ
ਲੌਂਗੋਵਾਲ, 2 ਅਪਰੈਲ
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪਤਨੀ ਬੀਬੀ ਅਮਰਪਾਲ ਕੌਰ ਲੌਂਗੋਵਾਲ ਦੀ ਦੂਜੀ ਬਰਸੀ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਕੈਂਬੋਵਾਲ ਲੌਂਗੋਵਾਲ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਹੁਕਮਨਾਮੇ ਦੀ ਵਿਆਖਿਆ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਿਵਾਰਕ ਪਾਲਣ ਪੋਸ਼ਣ ਅਤੇ ਲੋੜ ਅਨੁਸਾਰ ਕਮਾਈ ਕਰਨਾ ਗਲਤ ਨਹੀਂ ਹੈ ਪਰ ਲੋਕਾਂ ਨੂੰ ਦੁਖੀ ਕਰਕੇ ਮਾਇਆ ਇੱਕਤਰ ਕਰਨਾ ਗਲਤ ਹੈ। ਉਨ੍ਹਾਂ ਬਾਣੀ ਅਤੇ ਬਾਣੇ ਦੇ ਲੜ ਲੱਗ ਕੇ ਸੱਚੀ ਸੁੱਚੀ ਕਿਰਤ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਤੋਂ ਪਹਿਲਾਂ ਬੀਬੀ ਅਮਰਪਾਲ ਕੌਰ ਦੇ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਸੰਪੂਰਨ ਕੀਤੇ ਅਤੇ ਭਾਈ ਗੁਰਦੇਵ ਸਿੰਘ ਕੋਹਾੜਕਾ ਦੇ ਜਥੇ ਨੇ ਕੀਰਤਨ ਸਰਵਣ ਕਰਵਾਇਆ। ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾ, ਵਿਨਰਜੀਤ ਸਿੰਘ ਗੋਲਡੀ, ਬਾਬੂ ਪ੍ਰਕਾਸ਼ ਚੰਦ ਗਰਗ, ਬਲਦੇਵ ਸਿੰਘ ਮਾਨ ਤੇ ਨੁਸਰਤ ਇਕਰਾਮ ਬੱਗੇ ਖਾਂ ਹਾਜ਼ਰ ਸਨ।