ਨਿਜੀ ਪੱਤਰ ਪੇ੍ਰਕ
ਸੰਗਰੂਰ, 14 ਅਕਤੂਬਰ
ਇਥੇ ਸਰਕਾਰੀ ਰਣਬੀਰ ਕਾਲਜ ਦੇ ਵਿਹੜੇ ’ਚ ਚੱਲ ਰਹੇ ਖੇਤਰੀ ਸਰਸ ਮੇਲੇ ’ਚ ਵੱਖ-ਵੱਖ ਸੂਬਿਆਂ ਤੋਂ ਆਏ ਕਲਾਕਾਰ ਆਪੋ-ਆਪਣੇ ਰਾਜਾਂ ਦੇ ਰਵਾਇਤੀ ਨਾਚ ਪੇਸ਼ ਕਰਕੇ ਲਗਾਤਾਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਰਹੇ ਹਨ। ਅੱਜ ਖੇਤਰੀ ਸਰਸ ਮੇਲੇ ਦੇ ਮੰਚ ਤੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਕਲਾਕਾਰਾਂ ਵੱਲੋਂ ਆਸਾਮ ਦਾ ਬੀਹੂ ਭੋਰਤਲ, ਉੜੀਸਾ ਦਾ ਗੋਟੀਪੂਆ ਤੇ ਕਸ਼ਮੀਰ ਦਾ ਰਵਾਇਤੀ ਨਾਚ ਰਾਊਫ਼ ਪੇਸ਼ ਕੀਤਾ ਤੇ ਰਵਾਇਤੀ ਸੰਗੀਤ ਦੀਆਂ ਧੁੰਨਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ।
ਸਰਸ ਮੇਲੇ ’ਚ ਨਕਲੀਏ, ਹਰਿਆਣੇ ਦੇ ਕਲਾਕਾਰਾਂ ਵੱਲੋਂ ਵਜਾਇਆ ਨਗਾੜਾ ਤੇ ਪੰਜਾਬੀਆਂ ਦੀ ਲੋਕ ਕਲਾ ਨਚਾਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਮੇਲਾ ਵੇਖਣ ਆਏ ਲੋਕਾਂ ਵੱਲੋਂ 9 ਸਾਲ ਬਾਅਦ ਸੰਗਰੂਰ ’ਚ ਖੇਤਰੀ ਸਰਸ ਮੇਲਾ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਗਈ। ਮੇਲਾ ਵੇਖਣ ਆਏ ਬਰਜਿੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਲੋਕ ਆਪਣਾ ਪੁਰਾਣਾ ਵਿਰਸਾ ਭੁੱਲਦੇ ਜਾ ਰਹੇ ਹਨ ਤੇ ਅਜਿਹੇ ਮੇਲੇ ਲੋਕਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਨਿਯਮਤ ਤੌਰ ’ਤੇ ਲਗਾਏ ਜਾਣੇ ਚਾਹੀਦੇ ਹਨ। ਇਸ ਮੇਲੇ ’ਚ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਦੂਜੇ ਰਾਜਾਂ ਦੀਆਂ ਲੋਕ ਕਲਾਵਾਂ ਤੇ ਰਵਾਇਤੀ ਨਾਚ ਵੇਖਣ ਲਈ ਉਪਲਬਧ ਹਨ। ਮਹਿਲਾ ਦਰਸ਼ਕ ਦਰਸ਼ਨਾ ਕੌਰ ਅਨੁਸਾਰ ਸਰਸ ਮੇਲਾ ਮਨੋਰੰਜਨ ਦਾ ਇੱਕ ਵਧੀਆ ਸਾਧਨ ਹੈ ਕਿਉਂਕਿ ਇੱਥੇ ਮਨੋਰੰਜਨ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਰਵਾਇਤੀ ਖਾਣੇ ਤੇ ਕਾਰੀਗਰਾਂ ਤੇ ਦਸਤਕਾਰਾਂ ਵੱਲੋਂ ਆਪਣੇ ਹੱਥੀਂ ਬਣਾਈਆਂ ਬਹੁਤ ਵਧੀਆ ਵਸਤੂਆਂ ਖਰੀਦਣ ਲਈ ਉਪਲਬਧ ਹਨ ਜੋ ਕਿ ਆਮ ਘਰਾਂ `ਚੋਂ ਲਗਪਗ ਲੋਪ ਹੋ ਚੁੱਕੀਆਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਚੀਜ਼ਾਂ ਜਿਵੇਂ ਦਰੀਆਂ, ਪੱਖੀਆਂ ਆਦਿ ਵੀ ਇੱਥੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਵਿਕਰੀ ਲਈ ਰੱਖੀਆਂ ਗਈਆਂ ਹਨ। ਡੀਸੀ ਜਤਿੰਦਰ ਜੋਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਤੇ ਰੰਗਾਂ ਦੇ ਨਾਲ-ਨਾਲ ਰਵਾਇਤੀ ਖਾਣਿਆਂ ਦਾ ਆਨੰਦ ਮਾਣਨ ਲਈ ਸੰਗਰੂਰ ’ਚ ਚੱਲ ਰਹੇ ਖੇਤਰੀ ਸਰਸ ਮੇਲੇ `ਚ ਜ਼ਰੂਰ ਪਹੁੰਚਣ। ਉਨ੍ਹਾਂ ਕਿਹਾ ਕਿ ਰਵਾਇਤੀ ਲੋਕ ਨਾਚਾਂ ਤੇ ਕਲਾਵਾਂ ਦੇ ਨਾਲ-ਨਾਲ ਇਸ ਮੇਲੇ `ਚ ਲਗਭਗ ਹਰ ਸ਼ਾਮ ਪੰਜਾਬ ਦੇ ਨਾਮਵਰ ਗਾਇਕ ਆਪਣੀ ਕਲਾ ਦਾ ਜਾਦੂ ਬਿਖੇਰਨ ਵੀ ਪਹੁੰਚਦੇ ਹਨ।