ਖੇਤਰੀ ਪ੍ਰਤੀਨਿਧ
ਧੂਰੀ, 14 ਜੁਲਾਈ
ਸ਼ਹਿਰ ਅੰਦਰ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਸਹਿਮੇ ਵਪਾਰੀ ਵਰਗ ਨੇ ਲੰਘੀ ਸ਼ਾਮ ਰੀਟੇਲ ਕਰਿਆਣਾ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਮੋਦ ਗੁਪਤਾ ਦੀ ਅਗਵਾਈ ਹੇਠ ਡੀ.ਐੱਸ.ਪੀ ਧੂਰੀ ਯੋਗੇਸ਼ ਸ਼ਰਮਾ ਨੂੰ ਮਿਲ ਕੇ ਵਾਰਦਾਤਾਂ ਨੂੰ ਠੱਲ ਪਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪ੍ਰਮੋਦ ਗੁਪਤਾ ਨੇ ਦੱਸਿਆ ਕਿ ਵਫਦ ਨੇ ਡੀ.ਐੱਸ.ਪੀ ਧੂਰੀ ਕੋਲ ਦਿਨ ਦਿਹਾੜੇ ਸ਼ਹਿਰ ਦੇ ਬਾਜ਼ਾਰਾਂ ਅਤੇ ਮੁਹੱਲਿਆਂ ’ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਪੁਲੀਸ ਦੀ ਜਿੱਥੇ ਰਾਤ ਨੂੰ ਪੈਟਰੋਲਿੰਗ ਵਧਾਉਣ ਦੀ ਮੰਗ ਕੀਤੀ ਗਈ, ਉਥੇ ਦਿਨ ਸਮੇਂ ਵੀ ਵੱਖ-ਵੱਖ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਲੰਘੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਨਗਰ ਕੌਂਸਲ ਦੇ ਪਿਛਲੇ ਪਾਸੇ ਸਥਿਤ ਇਕ ਘਰ ’ਚੋਂ ਚੋਰ ਲੈਪਟਾਪ ਲੈ ਕੇ ਫਰਾਰ ਹੋ ਗਿਆ, ਲੰਘੇ ਸੋਮਵਾਰ ਰਾਮਗੜੀਆ ਗੁਰਦੁਆਰਾ ਦੇ ਨੇੜੇ ਇਕ ਚਾਹਪੱਤੀ ਦੇ ਗੁਦਾਮ ’ਚੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਚਾਹਪੱਤੀ ਦੇ ਤਿੰਨ ਗੱਟੇ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲੀਸ ਨੂੰ ਮੁਸ਼ਤੈਦ ਕੀਤਾ ਜਾਵੇਗਾ।