ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 27 ਅਗਸਤ
ਪਿੰਡ ਦੁੱਗਾਂ ਵਿੱਚ ਟਮਾਟਰ ਉਤਪਾਦਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਪਿੰਡ ਦੁੱਗਾਂ ਤੋਂ ਇਲਾਵਾ ਲੌਂਗੋਵਾਲ ਤੇ ਗਿਦੜਿਆਣੀ ਦੇ ਕਿਸਾਨਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਕਿਸਾਨ ਆਗੂ ਭਰਭੂਰ ਸਿੰਘ ਦੁੱਗਾਂ ਨੇ ਦੱਸਿਆ ਕੇ ਕਰੀਮਿਕਾ ਫੂਡ ਪ੍ਰਾਈਵੇਟ ਲਿਮਿਟਡ ਕੰਪਨੀ ਫਿਲੌਰ ਨੇ ਇਲਾਕਾ ਸੰਗਰੂਰ ਵਿੱਚ ਤਕਰੀਬਨ 150 ਏਕੜ ਟਮਾਟਰ ਲਗਵਾਇਆ ਸੀ ਜਿਸ ਦਾ ਰੇਟ 6.50 ਰੁਪਏ ਕਿੱਲੋ ਤੈਅ ਹੋਇਆ ਸੀ। ਕੰਪਨੀ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਟਮਾਟਰ ਦੀ ਫ਼ਸਲ ਖ਼ਤਮ ਹੋਣ ਤੋਂ 21 ਦਿਨਾਂ ਦੇ ਅੰਦਰ ਪੂਰੀ ਅਦਾਇਗੀ ਕਰ ਦਿੱਤੀ ਜਾਵੇਗੀ। ਪਿੰਡ ਦੁੱਗਾਂ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਵਲੋਂ ਕੰਪਨੀ ਨੂੰ ਤਕਰੀਬਨ 150 ਟਰੱਕ ਟਮਾਟਰ ਮਈ ਮਹੀਨੇ ਦੇ ਅੰਤ ਤੱਕ ਕੰਪਨੀ ਟਾਹਲੀਆਣਾ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਯੂਨਿਟ ਨੂੰ ਭੇਜ ਦਿੱਤਾ ਗਿਆ ਜਿਸ ਦੀ ਕੀਮਤ ਤਕਰੀਬਨ 1.5 ਕਰੋੜ ਰੁਪਏ ਬਣਦੀ ਹੈ ਪਰ ਕੰਪਨੀ ਵੱਲੋਂ ਕਿਸਾਨਾਂ ਨੂੰ ਇੱਕ ਰੁਪਇਆ ਵੀ ਨਹੀਂ ਦਿੱਤਾ ਗਿਆ।
ਕਿਸਾਨਾਂ ਨੇ ਆਪਣੇ ਕੋਲੋਂ ਮਹਿੰਗੀ ਖਾਦ, ਦਵਾਈਆਂ ਤੇ ਲੱਖਾਂ ਰੁਪਏ ਖਰਚ ਕੀਤੇ। ਮਹਿੰਗੀ ਲੇਬਰ ਦੇ ਕੇ ਟਮਾਟਰਾਂ ਦੀ ਤੁੜਾਈ ਕਰਵਾਈ ਅਤੇ ਹਜ਼ਾਰਾਂ ਰੁਪਏ ਖਰਚ ਕੇ ਟਰੱਕਾਂ ਰਾਹੀਂ ਕੰਪਨੀ ਦੀ ਫੈਕਟਰੀ ਵਿੱਚ ਹਿਮਾਚਲ ਪਹੁੰਚਦਾ ਕੀਤਾ ਗਿਆ। ਹੁਣ ਕੰਪਨੀ ਦੇ ਅਧਿਕਾਰੀ ਅਦਾਇਗੀ ਕਰਨ ਤੋਂ ਟਾਲ-ਮਟੋਲ ਕਰ ਰਹੇ ਹਨ ਤੇ ਕਦੇ 30 ਫ਼ੀਸਦ ਕੱਟ ਲਾ ਕੇ ਅਦਾਇਗੀ ਕਰਨ ਦੀਆਂ ਗੱਲਾਂ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੰਪਨੀ ਨੇ 2 ਸਤੰਬਰ ਤੱਕ ਅਦਾਇਗੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਕੰਪਨੀ ਖ਼ਿਲਾਫ਼ ਅੰਦੋਲਨ ਵਿੱਢਿਆ ਜਾਵੇਗਾ।
ਕਿਸਾਨਾਂ ਦੀ ਅਦਾਇਗੀ ਜਲਦੀ ਕਰਵਾ ਦਿੱਤੀ ਜਾਵੇਗੀ: ਪਰਮਾਰ
ਕਰੀਮਿਕਾ ਫੂਡ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਮੈਨੇਜਰ ਸੰਜੇ ਪਰਮਾਰ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਟਮਾਟਰ ਉਤਪਾਦਕਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ। ਇਨ੍ਹਾਂ ਪਿੰਡਾਂ ਦੇ ਟਮਾਟਰ ਉਤਪਾਦਕਾਂ ਦੀ ਬਣਦੀ ਰਕਮ ਵੀ ਜਲਦੀ ਹੀ ਕਰ ਦਿੱਤੀ ਜਾਵੇਗੀ।