ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 16 ਸਤੰਬਰ
ਲੱਡਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਹਿਯੋਗ ਨਾਲ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਹੈ। ਟੌਲ ਪਲਾਜ਼ਾ ਸਾਬਕਾ ਮੁਲਾਜ਼ਮ ਰਾਜਵਿੰਦਰ ਸਿੰਘ ਪੇਧਨੀ ਨੇ ਦੱਸਿਆ ਕਿ ਲੱਡਾ ਟੌਲ ਪਲਾਜ਼ਾ ਦੀ ਮੈਨੇਜਮੈਂਟ ਵੱਲੋਂ ਰੱਖੇ ਗਏ ਮੁਲਾਜ਼ਮਾਂ ਨੂੰ ਟੌਲ ਪਲਾਜ਼ਾ ਬੰਦ ਹੋਣ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ ਅਤੇ ਨਾ ਹੀ ਟੌਲ ਪ੍ਰਬੰਧਕਾਂ ਵੱਲੋਂ ਕਾਨੂੰਨ ਮੁਤਾਬਕ ਮੁਲਾਜ਼ਮਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਦਿੱਤੀ ਗਈ। ਇਸ ਸਬੰਧੀ ਅੱਜ ਟੌਲ ਪਲਾਜ਼ਾ ’ਤੇ ਕੰਮ ਕਰਦੇ ਸਾਬਕਾ ਮੁਲਾਜ਼ਮ ਰਾਜਵਿੰਦਰ ਸਿੰਘ ਪੇਧਨੀ, ਕਿਸਾਨ ਆਗੂ ਹਰਮੇਲ ਸਿੰਘ ਲੱਡਾ, ਹਰਬੰਸ ਸਿੰਘ ਲੱਡਾ ਆਦਿ ਨੇ ਟੌਲ ਪਲਾਜ਼ਾ ਦੇ ਪ੍ਰਬੰਧਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪ੍ਰਬੰਧਕਾਂ ਨੇ ਭਰੋਸਾ ਦਿਵਾਇਆ ਕਿ ਉਹ ਟੌਲ ਮਾਲਕਾਂ ਨਾਲ ਗੱਲ ਕਰਕੇ ਤਿੰਨ ਮਹੀਨੇ ਦੀ ਬਜਾਏ ਇੱਕ ਮਹੀਨੇ ਦੀ ਤਨਖਾਹ ਅਤੇ ਰਹਿੰਦਾ ਪੀਐੱਫ ਦਾ ਬਕਾਇਆ ਦੇ ਦਿੱਤਾ ਜਾਵੇਗਾ। ਮੁਲਾਜ਼ਮਾਂ ਵੱਲੋਂ ਤਨਖਾਹ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਫ਼ੈਸਲਾ।