ਪੱਤਰ ਪ੍ਰੇਰਕ
ਭਵਾਨੀਗੜ੍ਹ, 8 ਅਗਸਤ
ਪਿੰਡ ਸਕਰੌਦੀ ਵਿੱਚ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਤੀਆਂ ਉਤਸ਼ਾਹ ਨਾਲ ਮਨਾਈਆਂ ਗਈਆਂ। ਇਸ ਦੌਰਾਨ ਸਮਾਗਮ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਵਿਧਾਇਕ ਭਰਾਜ ਦਾ ਪਿੰਡ ਵਿੱਚ ਪਹੁੰਚਣ ’ਤੇ ਸਰਪੰਚ ਦਲਜੀਤ ਕੌਰ ਅਤੇ ਜੀਵਨ ਸਿੰਘ ਸਮੇਤ ਸਮੂਹ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਤੀਆਂ ਦੇ ਤਿਉਹਾਰ ਦੌਰਾਨ ਉਨ੍ਹਾਂ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਨਾਲ ਮਿਲ ਕੇ ਗਿੱਧਾ ਤੇ ਬੋਲੀਆਂ ਪਾਈਆਂ। ਇਸ ਮੌਕੇ ਉਨ੍ਹਾਂ ਔਰਤਾਂ ਦਾ ਸੱਭਿਆਚਾਰ ਸੰਭਾਲਣ ’ਤੇ ਪੰਚਾਇਤ ਦੀ ਸ਼ਲਾਘਾ ਕੀਤੀ।
ਚੀਮਾ ਮੰਡੀ (ਪੱਤਰ ਪ੍ਰੇਰਕ): ਸਰਬ ਸਾਂਝਾ ਵਿਚਾਰ ਮੰਚ ਸ਼ਾਹਪੁਰ ਕਲਾਂ ਵੱਲੋਂ ਪੁਰਾਣੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਤੀਆਂ ਦਾ ਤਿਉਹਾਰ ਸਰਕਾਰੀ ਪ੍ਰਇਮਰੀ ਸਕੂਲ ਸ਼ਾਹਪੁਰ ਕਲਾਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ । ਇਸ ਪ੍ਰੋਗਰਾਮ ਸਬੰਧੀ ਸਰਬ ਸਾਂਝਾ ਵਿਚਾਰ ਮੰਚ ਦੇ ਪ੍ਰਧਾਨ ਮਾਸਟਰ ਗੁਰਪ੍ਰੀਤ ਸਿੰਘ ਟੋਨੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਬਠਿੰਡਾ(ਦਿਹਾਤੀ) ਦੀ ਪ੍ਰਧਾਨ ਮਨਦੀਪ ਕੌਰ ਰਾਮਗੜ੍ਹੀਆ ਨੇ ਆਪਣੀ ਹਾਜ਼ਰੀ ਲਵਾਈ। ਉਨ੍ਹਾਂ ਦਾ ਮੰਚ ਵੱਲੋਂ ਜੁਗਰਾਜ ਕੌਰ ਟੋਨੀ ਨੇ ਫੁਲਕਾਰੀ ਪਾ ਕੇ ਸਨਮਾਨ ਕੀਤਾ।
ਪਟਿਆਲਾ (ਪੱਤਰ ਪ੍ਰੇਰਕ): ਬਡੂੰਗਰ ਦੀ ਨਵੀਂ ਬਸਤੀ ਵਿੱਚ ਔਰਤਾਂ ਵੱਲੋਂ ‘ਤੀਜ ਰਾਣੀ’ ਮੁਕਾਬਲੇ ਕਰਵਾਏ ਗਏ। ਇਸ ਸਮਾਰੋਹ ਵਿੱਚ ਹਰ ਉਮਰ ਦੀਆਂ ਮਹਿਲਾਵਾਂ, ਲੜਕੀਆਂ ਵੱਲੋਂ ਪੰਜਾਬੀ ਸਭਿਆਚਾਰਕ ਗੀਤਾਂ ਗਿੱਧੇ, ਬੋਲੀਆਂ ਤੇ ਨੱਚ ਨੱਚ ਕੇ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਸਮਾਗਮ ਵਿੱਚ ਤੀਜ ਰਾਣੀ ਮੁਕਾਬਲੇ ਦੌਰਾਨ ਪਰਾਂਦੀ ਰਾਣੀ ਜੱਸੂ, ਗਿੱਧਾ ਰਾਣੀ ਹਰਵਿੰਦਰ ਕੌਰ, ਬੋਲੀਆਂ ਰਾਣੀ ਸਤਨਾਮ ਕੌਰ, ਪੰਜਾਬੀ ਜੁੱਤੀ ਰਾਣੀ ਗੁਰਮੀਤ ਕੌਰ, ਪੰਜਾਬੀ ਸੂਟ ਰਾਣੀ ਅਨੀਤਾ ਦੀ ਜੇਤੂ ਮਹਿਲਾਵਾਂ ਵਜੋਂ ਚੋਣ ਕੀਤੀ ਗਈ। ਇਨ੍ਹਾਂ 5 ਮਹਿਲਾਵਾਂ ਦਾ ਸਿਰਾਂ ’ਤੇ ਤਾਜ ਸਜ਼ਾ ਸਨਮਾਨ ਵੀ ਕੀਤਾ ਗਿਆ।
ਲਹਿਰਾਗਾਗਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਵਿੱਚ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਨੂੰ ਪੰਜਾਬੀ ਸੱਭਿਆਚਾਰ ਦੀਆਂ ਅਲੋਪ ਹੋ ਰਹੀਆਂ ਰਵਾਇਤੀ ਤੇ ਮੂਲ ਪ੍ਰੰਪਰਾਵਾਂ ਦੇ ਰੂਬਰੂ ਕਰਵਾਇਆ ਗਿਆ। ਮਿਸ ਤੀਜ ਦਾ ਖਿਤਾਬ ਪੀਜੀਡੀਸੀਏ ਦੀ ਵਿਦਿਆਦਥਣ ਹਰਪ੍ਰੀਤ ਕੌਰ ਨੇ ਜਿੱਤਿਆ। ਪ੍ਰਿੰਸੀਪਲ ਰੀਤੂ ਗੋਇਲ ਨੇ ਬੱਚਿਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦਿੱਤੀ।