ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਅਗਸਤ
ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤਹਿਤ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਅੱਜ ਹਲਕਾ ਸੁਨਾਮ ਦੇ ਐਮਐਲਏ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਵੱਲ ਸੈਂਕੜੇ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕਰਕੇ ਮੰਗ ਪੱਤਰ ਦੇਣ ਦੇ ਕੇ ਸਾਰੇ ਕਿਸਾਨਾਂ ਦੇ ਖੇਤਾਂ ਤੱਕ ਸਾਰਾ ਸਾਲ ਨਹਿਰੀ ਪਾਣੀ ਪੁਜਦਾ ਕਰਨ, ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਰਿਪੇਅਰੀਅਨ ਸਿਧਾਂਤ ਅਨੁਸਾਰ ਹੱਲ ਕਰਨ, ਡੈਮ ਸੇਫਟੀ ਐਕਟ ਰੱਦ ਕਰਕੇ ਪੰਜਾਬ ਦੇ ਹੈੱਡ ਵਰਕਸਾਂ ਦਾ ਕੰਟਰੋਲ ਪੰਜਾਬ ਨੂੰ ਦੇਣ ਅਤੇ ਪਾਣੀਆਂ ਸਬੰਧੀ ਹੋਰ ਮੰਗਾਂ ਪੂਰੀਆਂ ਕਰਨ ’ਤੇ ਜ਼ੋਰ ਦਿੱਤਾ। ਲੌਂਗੋਵਾਲ ਅਨਾਜ ਮੰਡੀ ਵਿੱਚ ਵੱਖ ਵੱਖ ਪਿੰਡਾਂ ਦੇ ਕਿਸਾਨ ਆਪਣੇ ਮੋਟਰਸਾਈਕਲਾਂ ’ਤੇ ਝੰਡੇ ਲਾ ਕੇ ਇਕੱਠੇ ਹੋਏ ਅਤੇ ਉਥੋਂ ਪਿੰਡਾਂ ਵਿੱਚੋਂ ਦੀ ਮਾਰਚ ਕਰਕੇ ਸੁਨਾਮ ਸ਼ਹਿਰ ਵਿਚੋਂ ਦੀ ਹੁੰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਤੱਕ ਪਹੁੰਚੇ ਜਿਥੇ ਕੈਬਨਿਟ ਮੰਤਰੀ ਨੇ ਆਪ ਬਾਹਰ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਨ੍ਹਾਂ ਮੰਗਾਂ ਦੇ ਜਲਦ ਅਮਲ ਕਰਨ ਦਾ ਭਰੋਸਾ ਦਿੱਤਾ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਭਜਨ ਸਿੰਘ ਢੱਡਰੀਆਂ, ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਨਹਿਰੀ ਪਾਣੀ ਦੀ ਵੱਡੀ ਘਾਟ ਹੈ ਜਿਸ ਦਾ ਕਾਰਨ ਪੰਜਾਬ ਦੇ ਦਰਿਆਈ ਪਾਣੀਆਂ ਦੀ ਕਾਣੀ ਵੰਡ ਹੈ ਅਤੇ ਜੋ ਪਾਣੀ ਮਿਲ ਰਿਹਾ ਹੈ ਉਸ ਦਰਿਆਈ ਪਾਣੀ ਵਿੱਚ ਵੀ ਸਨਅਤ ਵੱਲੋਂ ਜ਼ਹਿਰੀਲੇ ਕੈਮੀਕਲ ਪਾਏ ਜਾ ਰਹੇ ਹਨ ਜਿਸ ਕਾਰਨ ਬਿਮਾਰੀਆਂ ਵਧ ਰਹੀਆਂ ਹਨ। ਜ਼ਿਲਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਨੇ ਕਿਹਾ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਵੱਲੋਂ ਆਪਣੇ ਮੁਨਾਫੇ ਵਧਾਉਣ ਲਈ ਹਰੀ ਕ੍ਰਾਂਤੀ ਦੇ ਨਾਂ ਹੇਠ ਸਾਡੇ ’ਤੇ ਰਸਾਇਣਕ ਖੇਤੀ ਮਾਡਲ ਥੋਪਿਆ ਗਿਆ ਜੋ ਕਿ ਪੰਜਾਬੀਆਂ ਨੂੰ ਕੱਖੋਂ ਹੌਲੇ ਕਰ ਰਿਹਾ ਹੈ। ਇਸ ਮੌਕੇ ਜਿਲ੍ਹਾ ਆਗੂ ਜੁਝਾਰ ਸਿੰਘ ਬਡਰੁੱਖਾਂ, ਲਖਵਿੰਦਰ ਉਭਾਵਾਲ, ਬਲਾਕ ਆਗੂ ਬਲਵਿੰਦਰ ਸਿੰਘ ਬਰਾੜ, ਸਾਹਬ ਸਿੰਘ, ਰਵਿੰਦਰ ਸਿੰਘ ਤਕੀਪੁਰ, ਰਾਮ ਸਿੰਘ ਂ ਸਮੇਤ ਵੱਡੀ ਗਿਣਤੀ ਕਿਸਾਨ ਮੌਜੂਦ ਸਨ।
ਸ਼ੇਰਪੁਰ (ਬੀਰਬਲ ਰਿਸ਼ੀ): ਮੁੱਖ ਮੰਤਰੀ ਦੇ ਹਲਕੇ ਦੇ ਪਿੰਡਾਂ ਅੰਦਰ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਜਥੇਬੰਦੀ ਦੇ ਜ਼ਿਲ੍ਹਾ ਪ੍ਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੀਤਾ। ਮੋਟਰਸਾਈਕਲ ਮਾਰਚ ਪਿੰਡ ਜਹਾਂਗੀਰ ਤੋਂ ਸ਼ੁਰੂ ਹੋਇਆ ਜੋ ਬਮਾਲ, ਘਨੌਰ ਖੁਰਦ, ਘਨੌਰ ਕਲਾਂ, ਹਥਨ, ਕਲੇਰਾਂ, ਚਾਂਗਲੀ ਪੁੱਜਿਆ ਜਿੱਥੇ ਪਿੰਡ ਫਰਵਾਹੀ, ਈਸਾਪੁਰ, ਰੂੜਗੜ੍ਹ ਅਤੇ ਹੋਰ ਪਿੰਡਾਂ ਤੋਂ ਮੋਟਰਸਾਈਕਲ ਪੁੱਜੇ। ਇੱਥੇ ਜਥੇਬੰਦੀ ਨੇ ਰੈਲੀ ਕੀਤੀ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸ੍ਰੀ ਜਹਾਂਗੀਰ ਨੇ ਸਪਸ਼ੱਟ ਕੀਤਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਅੱਜ ਉਹ ਮੁੱਖ ਮੰਤਰੀ ਦੇ ਦਫ਼ਤਰ ਮੰਗ ਪੱਤਰ ਦੇਣ ਜਾ ਰਹੇ ਹਨ ਅਤੇ ਕੁਝ ਦਿਨ ਸਰਕਾਰ ਦੇ ਹੁੰਗਾਰੇ ਦੀ ਉਡੀਕ ਕਰਨ ਮਗਰੋਂ ਜਥੇਬੰਦੀ ਸੰਘਰਸ਼ ਦੀ ਅਗਲੀ ਰੂਪ ਰੇਖਾ ਦਾ ਐਲਾਨ ਕਰਦਿਆਂ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕਰੇਗੀ।
ਧੂਰੀ (ਪਵਨ ਕੁਮਾਰ ਵਰਮਾ): ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦੇ ਪਿੰਡਾਂ ਅੰਦਰ ਧਰਤੀ ਦੇ ਡੂੰਘੇ ਹੋ ਰਹੇ ਪਾਣੀ ਦੇ ਸੰਭਾਵੀ ਖ਼ਤਰੇ ਨੂੰ ਭਾਂਪਦਿਆਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਦੇਣ, ਜਥੇਬੰਦੀ ਦੇ ਪੰਜਾਬ ਪੱਧਰ ’ਤੇ ਪਾਣੀ ਦੇ ਮੁੱਦੇ ਅਤੇ ਬਦਲਵਾਂ ਖੇਤੀ ਮਾਡਲ ਲਾਗੂ ਕਰਨ ਸਬੰਧੀ ਦੋ ਵੱਖ-ਵੱਖ ਮੰਗ ਪੱਤਰ ਮੁੱਖ ਮੰਤਰੀ ਦਫ਼ਤਰ ਧੂਰੀ ’ਚ ਮੌਜੂਦ ਹਰਪ੍ਰੀਤ ਸਿੰਘ ਗਿੱਲ ਤੇ ਹੋਰਨਾਂ ਨੂੰ ਸੌਂਪਿਆ। ਮੰਗ ਪੱਤਰ ਦੇਣ ਮੌਕੇ ਕੇਕੇਯੂ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਸ਼ਾਮਲ ਸਨ। ਮੁੱਖ ਮੰਤਰੀ ਭਗਵੰਤ ਮਾਨ ਦੇ ਧੂਰੀ ਸਥਿਤ ਦਫ਼ਤਰ ’ਚ ਮੋਟਰਸਾਈਕਲ ਮਾਰਚ ਦੇ ਰੂਪ ਵਿੱਚ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਧੂਰੀ ਹਲਕੇ ਦੇ ਪਿੰਡਾਂ ’ਚ ਪਾਣੀ ਦਾ ਪੱਧਰ ਦੋ ਸੌ ਫੁੱਟ ਡੂੰਘਾ ਚਲਿਆ ਗਿਆ, ਚਾਰ ਸੌ ਫੁੱਟ ਤੋਂ ਛੇ ਸੌ ਫੁੱਟ ਤੱਕ ਧਰਤੀ ਪਾੜ ਕੇ ਬੋਰ ਕਰਨੇ ਪੈ ਰਹੇ ਹਨ, ਢਾਈ ਏਕੜ ਵਾਲੇ ਕਿਸਾਨ ਨੂੰ ਵੀ ਖੇਤ ਵਿੱਚ 20 ਦੀ ਮੋਟਰ ਚਲਾਉਣੀ ਪੈ ਰਹੀ ਹੈ ਜਿਸ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਬਮਾਲ ਸਮੇਤ ਕਈ ਅਜਿਹੇ ਪਿੰਡ ਹਨ ਜਿੰਨ੍ਹਾਂ ਵਿੱਚੋਂ ਦੀ ਨਹਿਰ ਵੀ ਲੰਘਦੀ ਹੈ ਅਤੇ ਰਜਵਾਹਾ ਵੀ ਲੰਘਦਾ ਹੈ ਪਰ ਪਾਣੀ ਦੀ ਇੱਕ ਬੂੰਦ ਨਹੀਂ ਮਿਲ ਰਹੀ। ਮੁੱਖ ਮੰਤਰੀ ਦਫ਼ਤਰ ’ਚੋਂ ਹਰਪ੍ਰੀਤ ਗਿੱਲ ਨੇ ਮੰਗ ਪੱਤਰ ਲਿਆ ਅਤੇ ਲੋਕਾਂ ਦੀ ਮੰਗ ਮੁੱਖ ਮੰਤਰੀ ਤੱਕ ਪੁੱਜਦੀ ਕਰਨ ਦਾ ਭਰੋਸਾ ਦਿੱਤਾ।