ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 23 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦੇ ਦਿਨ-ਰਾਤ ਦੇ ਪੰਜ ਦਿਨਾਂ ਪੱਕੇ ਮੋਰਚੇ ਕਾਰਨ ਸੰਗਰੂਰ ਦਾ ਡੀ.ਸੀ. ਕੰਪਲੈਕਸ ਰੋਡ ਟਿਕਰੀ ਬਾਰਡਰ ਬਣਿਆ ਹੋਇਆ ਹੈ। ਕਰੀਬ ਡੇਢ-ਦੋ ਕਿਲੋਮੀਟਰ ਤੱਕ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਰਾਤ ਨੂੰ ਠੰਢ ਤੋਂ ਬਚਣ ਲਈ ਸੰਘਰਸ਼ੀ ਕਿਸਾਨਾਂ ਵੱਲੋਂ ਟਰਾਲੀਆਂ ਉੱਪਰ ਤਰਪਾਲ ਦੀ ਛੱਤ ਪਾ ਕੇ ਰੈਣ ਬਸੇਰਾ ਬਣਾਇਆ ਹੋਇਆ ਹੈ। ਦੂਰ-ਦੂਰ ਤੱਕ ਕਿਸਾਨੀ ਝੰਡਿਆਂ ਵਾਲੀਆਂ ਟਰਾਲੀਆਂ ’ਤੇ ਵੱਖ-ਵੱਖ ਪਿੰਡਾਂ ਦੇ ਨਾਵਾਂ ਵਾਲੇ ਬੈਨਰ ਲੱਗੇ ਹੋਏ ਹਨ। ਟਰਾਲੀਆਂ ਦੇ ਨਜ਼ਦੀਕ ਹੀ ਕਿਸਾਨਾਂ ਵੱਲੋਂ ਖੁਦ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ। ਅੱਜ ਪੰਜ ਦਿਨਾਂ ਪੱਕੇ ਮੋਰਚੇ ਦੇ ਚੌਥੇ ਦਿਨ ਵੀ ਹਜ਼ਾਰਾਂ ਕਿਸਾਨਾਂ ਅਤੇ ਖਾਸ ਕਰਕੇ ਕਿਸਾਨ ਬੀਬੀਆਂ ਨੇ ਵੱਡੀ ਤਾਦਾਦ ’ਚ ਸ਼ਾਮਲ ਹੋ ਕੇ ਸੰਘਰਸ਼ੀ ਮੋਰਚੇ ਨੂੰ ਤਕੜਾ ਹੁਲਾਰਾ ਦਿੱਤਾ। ਦੂਰ-ਦੂਰ ਤੱਕ ਬਸੰਤੀ ਰੰਗ ਦੀਆਂ ਚੁੰਨੀਆਂ ਵਾਲੀਆਂ ਕਿਸਾਨ ਬੀਬੀਆਂ ਦਾ ਹੜ੍ਹ ਆਇਆ ਹੋਇਆ ਸੀ। ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ ਅਤੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਾਉਣ ਲਈ ਭਾਕਿਯੂ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਪੰਜ ਦਿਨਾਂ ਪੱਕਾ ਮੋਰਚਾ ਸ਼ੁਰੂ ਕੀਤਾ ਸੀ ਜਿਸ ਦਾ ਅੱਜ ਚੌਥਾ ਦਿਨ ਸੀ। ਪਿਛਲੇ ਚਾਰ ਦਿਨਾਂ ਤੋਂ ਡੀ.ਸੀ. ਕੰਪਲੈਕਸ ਦਾ ਆਲਾ-ਦੁਆਲਾ ਟਰੈਕਟਰ-ਟਰਾਲੀਆਂ ਨੇ ਘੇਰਿਆ ਹੋਇਆ ਹੈ। ਬਾਜ਼ਾਰ ਵਾਲੇ ਪਾਸੇ ਡੀ.ਸੀ. ਦਫ਼ਤਰ ਦੇ ਗੇਟ ਤੋਂ ਲੈ ਕੇ ਲਾਲ ਬੱਤੀ ਚੌਕ ਤੱਕ ਟਰੈਕਟਰ-ਟਰਾਲੀਆਂ ਖੜ੍ਹੀਆਂ ਹਨ ਜਿਸ ਕਾਰਨ ਇੱਕ ਪਾਸੇ ਦੀ ਟਰੈਫ਼ਿਕ ਬੰਦ ਹੈ।
ਲਾਲ ਬੱਤੀ ਚੌਕ ਤੋਂ ਡੀ.ਸੀ. ਕੰਪਲੈਕਸ ਰੋਡ ਅਤੇ ਪੁਰਾਣੇ ਨਗਰ ਕੌਂਸਲਰ ਦਫ਼ਤਰ ਤੱਕ ਟਰਾਲੀਆਂ ਦੀ ਭਰਮਾਰ ਹੈ ਜੋ ਡੀ.ਸੀ. ਦੇ ਪਿਛਲੇ ਗੇਟ ਅਤੇ ਰਣਬੀਰ ਕਲੱਬ ਅੰਦਰ ਵੀ ਟਰਾਲੀਆਂ ਖੜ੍ਹੀਆਂ ਹਨ। ਟਰਾਲੀਆਂ ਦੇ ਨਜ਼ਦੀਕ ਹੀ ਚੁੱਲ੍ਹੇ ਬਲ ਰਹੇ ਹਨ ਅਤੇ ਕਿਸਾਨ ਸੰਘਰਸ਼ੀ ਯੋਧਿਆਂ ਲਈ ਲੰਗਰ ਤਿਆਰ ਵੀ ਕਰ ਰਹੇ ਹਨ। ਅਜਿਹੇ ਹਾਲਾਤ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਸਾਲ ਭਰ ਚੱਲੇ ਕਿਸਾਨੀ ਮੋਰਚੇ ਦਾ ਭੁਲੇਖਾ ਪਾਉਂਦੇ ਹਨ। ਧਰਨੇ ਨੂੰ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਅਮਰੀਕ ਸਿੰਘ ਗੰਢੂਆਂ ਅਤੇ ਦਰਬਾਰਾ ਸਿੰਘ ਛਾਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਠੰਢ ਦੇ ਬਾਵਜੂਦ ਸੰਘਰਸ਼ੀ ਪਿੜ ’ਚ ਡਟੇ ਹਜ਼ਾਰਾਂ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਚੋਣਾਂ ਮੌਕੇ ਕੀਤੇ ਵਾਅਦੇ ਅਤੇ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਪੰਜ ਦਿਨਾਂ ਪੱਕਾ ਮੋਰਚਾ ਲਗਾਇਆ ਹੈ ਅਤੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਕਿਸਾਨਾਂ ’ਚ ਰੋਸ ਹੈ। ਅੱਜ ਜਥੇਬੰਦੀ ਦੇ ਸੂਬਾਈ ਵਫ਼ਦ ਦੀ ਸਰਕਾਰ ਨਾਲ ਗੱਲਬਾਤ ਹੋਈ ਹੈ। ਸੂਬਾ ਕਮੇਟੀ ਵਲੋਂ ਹੀ ਸੰਘਰਸ਼ ਬਾਰੇ ਫੈਸਲਾ ਲਿਆ ਜਾਵੇਗਾ। ਇਸ ਮੌਕੇ ਯੂਨੀਅਨ ਆਗੂ ਜਸਵੰਤ ਸਿੰਘ ਤੋਲਾਵਾਲ, ਕਿਰਪਾਲ ਸਿੰਘ ਧੂਰੀ, ਬਲਵੀਰ ਸਿੰਘ ਕੌਹਰੀਆਂ, ਗੋਬਿੰਦਰ ਸਿੰਘ ਮੰਗਵਾਲ, ਅਜੈਬ ਸਿੰਘ ਜਖੇਪਲ, ਰਾਮ ਸਿੰਘ ਢੀਂਡਸਾ, ਅਜੈਬ ਸਿੰਘ ਲੱਖੇਵਾਲ, ਦਰਸ਼ਨ ਸਿੰਘ ਸ਼ਾਦੀਹਰੀ, ਹਰਬੰਸ ਸਿੰਘ ਲੱਡਾ ਆਦਿ ਨੇ ਵੀ ਸੰਬੋਧਨ ਕੀਤਾ।